ਲੱਗਦਾ ਸੀ

ਉਸਦੇ ਜਾਣ ਮਗਰੋਂ

ਧਰਤੀ ਰੁਕ ਜਾਏਗੀ

ਰੁੱਤਾਂ ਦਾ ਗੇੜਾ ਥੰਮ ਜਾਏਗਾ

ਸੂਰਜ ਚੰਨ ਹੋ ਜਾਣਗੇ

ਮੱਧਮ ਜਿਹੇ

ਸਮੰਦਰਾਂ ’ਚ

ਰੇਤ ਭਰ ਜਾਏਗੀ

ਸਮੁੱਚੀ ਪ੍ਰਿਥਵੀ ਤੇ

ਕਾਲੀ ਬੋਲੀ ਰਾਤ ਪਸਰ ਜਾਏਗੀ....

 

ਪਰ

ਕਿਤੇ ਕੁਝ ਨਹੀਂ ਹੋਇਆ

ਧਰਤੀ ਉਸੇ ਤਰਾਂ ਘੁੰਮਦੀ ਰਹੀ

ਰੁੱਤਾਂ ਉਸੇ ਤਰਾਂ

ਆਉਂਦੀਆਂ ਜਾਂਦੀਆਂ ਰਹੀਆਂ

ਚਮਕਦੇ ਰਹੇ ਚੰਨ ਸੂਰਜ

ਪੰਛੀ ਚਹਿਕਦੇ

ਫੁੱਲ ਟਹਿਕਦੇ

ਚੜ੍ਹਦੇ ਰਹੇ ਦਿਨ ਤੇ ਰਾਤ

ਉਸੇ ਤਰਤੀਬ ਵਿੱਚ

 

ਸਭ ਕੁਝ ਉਵੇਂ ਦਾ ਉਵੇਂ ਸੀ

ਸਿਰਫ ਮਨ ਤੇ

ਇੱਕ ਜ਼ਖਮ ਦੇ

ਹਲਕੇ ਜਿਹੇ

ਦਾਗ਼ ਤੋਂ ਸਿਵਾਅ.....।

📝 ਸੋਧ ਲਈ ਭੇਜੋ