ਦਾਗ ਪੱਗ ਨੂੰ

ਬੁਲਟ 'ਤੇ ਰਾਂਝਾ ਵੀ ਸਵਾਰ ਹੋ ਗਿਆ,

ਫੈਸ਼ਨਾ 'ਤੇ ਹੀਰ ਵੀ ਸਵਾਰ ਹੋ ਗਈ,

ਬੜੇ ਚਾਵਾਂ ਨਾਲ ਲਾਡੋ ਪਾਲੀ ਮਾਪਿਆ,

ਸੁਣਿਆ ਉਹ ਕਿਸੇ ਨਾਲ ਫਰਾਰ ਹੋ ਗਈ,

ਮੁੱਕਣ ਤੋਂ ਪਹਿਲਾ ਉਹਨੇ ਮਾਪੇ ਮਾਰਤੇ,

ਮੁੱਖ ਨਾ ਦਿਖਾਉਣ ਜੋਗੇ ਰਹੇ ਜੱਗ ਨੂੰ,

ਹੋਵੇ ਜੇ ਗਰੀਬੀ ਬੰਦਾ ਕੱਟ ਲੈਂਦਾ ਏ,

ਝੱਲਿਆ ਨੀ ਜਾਂਦਾ ਲੱਗੇ ਦਾਗ ਪੱਗ ਨੂੰ।

ਬੋਲ ਨੇ ਸ਼ਰੀਕਾਂ ਵਾਲੇ ਸੀਨਾ ਪਾੜਦੇ,

ਚੜ੍ਹੀ ਜਾਵੇ ਕੰਬਣੀ ਮਹੀਨੇ ਹਾੜ੍ਹ ਦੇ,

ਕਿਸੇ ਨੂੰ ਵੀ ਦੋਸ਼ ਦੇ ਕੇ ਕੀ ਬਣਦਾ,

ਆਪਣੇ ਹੀ ਜੰਮੇ ਜਦੋਂ ਚੰਨ ਚਾੜ੍ਹਦੇ,

ਕਿਹੋ ਜਿਹੇ ਰਾਹੇ ਪੈ ਗਈਆਂ ਜਵਾਨੀਆਂ,

ਪਾਣੀ ਨਾਲੋਂ ਠੰਡੇ ਫੜ੍ਹ ਬਹਿ ਗਏ ਅੱਗ ਨੂੰ,

ਕੋਰਟ 'ਤੇ ਕਚਹਿਰੀਆਂ 'ਚ ਮਾਪੇ ਖਿੱਚ ਲਏ,

ਰੋਲ ਕੇ ਤੂੰ ਇੱਜ਼ਤਾਂ ਕੀ ਦਿਲ ਜਿੱਤ ਲਏ,

ਛਾਤੀਆਂ ਦੇ ਦੁੱਧ ਦਾ ਨਾ ਮੁੱਲ ਮੋੜਿਆ,

ਬੁੱਕਲ 'ਚ ਪਾਲੇ ਸੱਪ ਜ਼ਹਿਰੀ ਨਿਕਲੇ,

ਪੁੱਤਾਂ ਵਾਂਗੂੰ ਤੇਰੀਆ ਮਨਾਈਆਂ ਲੋਹੜੀਆਂ,

ਕਿਹੜੀ ਗੱਲੋਂ ਧੀਏ ਤੂੰ ਭੁਲਾ ਗਈ ਸਭ ਨੂੰ,

ਕੱਲਿਆਂ ਨੂੰ ਘਰ ਹੁਣ ਖਾਣ ਆਉਂਦਾ ਏ,

ਰੋਦਿਆਂ ਨੂੰ ਕੋਈ ਨਾ ਵਰਾਉਣ ਆਉਂਦਾ ਏ,

ਤੋਰ ਤੇ ਤਰੀਕੇ ਨਹੀਂ ਸੀ ਠੀਕ ਕੁੜੀ ਦੇ,

ਤੀਰੋਂ ਤਿੱਖੇ ਬੋਲਾਂ ਨੂੰ ਸੁਣਾਉਣ ਆਉਂਦਾ ਏ,

ਲਿਖਿਆ ਤੂੰ ਸੱਚ 'ਸ਼ਿਵਗੜ੍ਹ ਸੱਤਿਆ',

ਗੀਤ ਰਾਹੀਂ ਦਿੱਤਾ ਸੰਦੇਸ਼ ਜੱਗ ਨੂੰ,

📝 ਸੋਧ ਲਈ ਭੇਜੋ