ਤੁਸਾਂ ਮੈਂਨੂੰ ਦਿੱਤਾ ਹੈ ਇਕ ਕਮਰਾ

ਸਥਿਰ ਤੇ ਬੰਦ

ਮਿਣਨਾ ਤੇ ਮੈਂ ਹੈ

ਕਿ ਇਸ ਵਿਚ ਕਿੰਨੇ ਕਦਮਾਂ ਨਾਲ ਮੀਲ ਬਣਦਾ ਹੈ

ਕਿ ਕਿੰਨੇ ਮੀਲ ਚੱਲਕੇ ਕੰਧ, ਕੰਧ ਨਹੀਂ ਰਹਿੰਦੀ

ਤੇ ਸਫ਼ਰ ਦੇ ਅਰਥ ਸ਼ੁਰੂ ਹੰਦੇ ਹਨ…

ਤੁਸਾਂ ਮੈਂਨੂੰ ਕੁਝ ਹੱਕ ਬਖਸ਼ੇ ਹਨ-

ਘਰ ਤੋਂ ਜਲਾਵਤਨੀ ਦਾ

ਰੋਟੀ ਲਈ ਮਿੱਟੀ ਹੋਣ ਦਾ

ਮਹਿਬੂਬ ਦੇ ਗ਼ਮਾਂ 'ਚ ਦੀਦੇ ਖੋਹਣ ਦਾ

ਤੇ ਗੁੰਮਣ ਦਾ ਮੌਤ ਦੀ ਭਿਅੰਕਰ ਧੁੰਦ ਵਿਚ

ਪਰ ਇਕ ਹੱਕ ਹੋਰ ਹੁੰਦਾ ਹੈ

ਜੋ ਬਖ਼ਸ਼ਿਆ ਨਹੀਂ, ਸਿਰਫ ਖੋਹਿਆ ਜਾਂਦਾ ਹੈ……

ਤੁਹਾਡੇ ਕੋਲ ਇਕਰਾਰਾਂ ਦਾ ਸਮੁੰਦਰ

ਮੇਰੇ ਡੁੱਬਣ ਲਈ

ਜਿਸ ਵਿਚ ਤਰਦੀਆਂ ਹਨ

ਸੁਨਿਹਰੀ ਸੁਫ਼ਨਿਆਂ ਦੀਆਂ ਮਛਲੀਆਂ

ਪਰ ਪ੍ਰਾਪਤੀ ਦਾ ਕੰਨਾ ਓਝਲ ਹੋਣ ਤੱਕ

ਮੈਂ ਫੜ ਲਿਆ ਹੈ ਬੇਵਫਾਈ ਦਾ ਚੱਪੂ

ਤੇ ਹੁਣ ਤੁਹਾਡੇ ਕੋਲ ਬਚਿਆ ਹੈ

ਮੈਂਨੂੰ ਦੇਣ ਲਈ ਇਕ ਇਨਾਮ-

ਮੌਤ

ਤੇ ਉਹ ਵੀ ਵੱਡਿਓ ਦਾਤਿਓ !

ਤੁਹਾਡਾ ਆਪ ਰੱਖਣ ਨੂੰ ਜੀਅ ਕਰਦਾ ਹੈ

📝 ਸੋਧ ਲਈ ਭੇਜੋ