ਦਾਤਾ ਤੇਰਾ ਹੀ ਦਰ ਵੱਡਾ

ਦਾਤਾ ਤੇਰਾ ਹੀ ਦਰ ਵੱਡਾ,

ਬਾਕੀ ਦਰ ਸਾਰਿਆਂ ਤੋਂ॥

ਜਿੱਥੇ ਊਚ ਨੀਚ ਨਾਂ ਕੋਈ।

ਮਿਲਦੀ ਦਰ ਆਏ ਨੂੰ ਢੋਈ।

ਜਿੱਥੇ ਆਸ ਜਾਗ਼ਦੀ ਮੋਈ।

ਲਾਂਉਦਾ ਪਾਰ ਕਿਨਾਰਿਆਂ ਤੋਂ॥

ਦਾਤਾ ਤੇਰਾ ਹੀ ਦਰ ਵੱਡਾ,

ਜੀ ਬਾਕੀ ਦਰ ਸਾਰਿਆਂ ਤੋਂ॥

ਜਿੱਥੇ ਗੂੰਗੇ ਗੀਤਾ ਪੜਦੇ।

ਜਿੱਥੇ ਪਿੰਗਲੇ ਪਰਬਤ ਚੜਦੇ।

ਜਿੱਥੇ ਬਿਨਾਂ ਸੀਸ ਤੋਂ ਲੜਦੇ।

ਬਣਦੇ ਜੇਤੂ ਹਾਰਿਆਂ ਤੋਂ॥

ਦਾਤਾ ਤੇਰਾ ਹੀ ਦਰ ਵੱਡਾ,

ਜੀ ਬਾਕੀ ਦਰ ਸਾਰਿਆਂ ਤੋਂ॥

ਜਿੱਥੇ ਇੱਕ ਕਨੂੰਨ ਹੈ ਚੱਲਦਾ।

ਜਿੱਥੇ ਹੱਲ ਹੁੰਦਾ ਗੱਲ ਗੱਲ ਦਾ।

ਜਿਹਨੂੰ ਕਾਲ ਵੀ ਪੱਖਾ ਝੱਲ ਦਾ।

ਪਾ ਕੇ ਦਰਸ ਦੀਦਾਰਿਆਂ ਤੋਂ॥

ਦਾਤਾ ਤੇਰਾ ਹੀ ਦਰ ਵੱਡਾ,

ਜੀ ਬਾਕੀ ਦਰ ਸਾਰਿਆਂ ਤੋਂ॥

ਜਿਹਦੀ ਉਪਮਾਂ ਪਾਸੇ ਚਾਰੇ।

ਜਿੱਥੇ ਕੌਤਕ ਨਿੱਤ ਨਿਆਰੇ।

ਜਿਸ ਤੋਂ ਨੀਂਵੇ ਸਭ ਚੁਬਾਰੇ।

ਇਸਦੇ ਉੱਚੇ ਮੁਨਾਰਿਆ ਤੋਂ॥

ਦਾਤਾ ਤੇਰਾ ਹੀ ਦਰ ਵੱਡਾ,

ਜੀ ਬਾਕੀ ਦਰ ਸਾਰਿਆਂ ਤੋਂ॥

ਜਿਸਦੇ ਅੱਗੇ ਸੂਰਜ ਫਿੱਕਾ।

ਜਿਸਨੂੰ ਦਸਾਂ ਗੁਰਾਂ ਦਾ ਟਿੱਕਾ।

ਜੀਹਦਾ ਬ੍ਰਹਿਮੰਡ ਚੱਲਦਾ ਸਿੱਕਾ।

‘ਸੱਤਾ’ ਝੁਕੇ ਪਿਆਰਿਆਂ ਨੂੰ॥

ਦਾਤਾ ਤੇਰਾ ਹੀ ਦਰ ਵੱਡਾ,

ਜੀ ਬਾਕੀ ਦਰ ਸਾਰਿਆਂ ਤੋਂ॥

📝 ਸੋਧ ਲਈ ਭੇਜੋ