ਰਾਤ ਕਾਫ਼ੀ ਹੋ ਗਈ ਹੈ ਜਾਨੇ-ਮਨ
ਸੌਂ ਜਾਉ ਹੁਣ
ਸਾਂਭ ਹੋ ਜਾਊ ਸਵੇਰੇ ਸਭ ਸਮਾਨ
ਛੱਡੋ ਹੁਣ ਇਸ ਦਾ ਧਿਆਨ
ਇਸ ਤਰ੍ਹਾਂ ਹੀ ਰਹਿਣ ਦੇਵੋ ਮੇਜ਼ 'ਤੇ
ਬਚੇ ਫੁਲਕੇ
ਜੂਠੇ ਬਰਤਨ
ਖ਼ਾਲੀ ਡੂੰਗੇ
ਲਿਬੜੇ ਹੋਏ ਨੈਪਕਿਨ
ਰਾਤ ਕਾਫ਼ੀ ਹੋ ਗਈ ਹੈ ਜਾਨੇ-ਮਨ।
ਬਹੁਤ ਕੰਮ ਕੀਤਾ ਤੁਸੀਂ ਅਜ
ਲਾਹ ਦਿਉ ਸਾੜ੍ਹੀ
ਤੇ ਨਾਈਟੀ ਪਾ ਲਉ
ਲਾਹ ਕੇ ਸਿਰ ਉਤੋਂ ਕਲਿਪ
ਰਖ ਦਿਉ ਅਲਮਾਰੀ ਵਿਚ
ਥਕ ਗਈ ਹੋਵੇਗੀ ਗਰਦਨ
ਠੀਕ ਸੀ ਮਹਿਫ਼ਲ ਦੀ ਸਜ ਧਜ
ਬਹੁਤ ਕੰਮ ਕੀਤਾ ਤੁਸੀਂ ਅਜ।
ਤੁਰ ਗਏ ਮਹਿਮਾਨ ਵੀ
ਹੁਣ ਬੇਸ਼ਕ ਮੱਥੇ ਤਿਊੜੀਂ ਆਉਣ ਦੇਵੋ
ਸੁਣਕੇ ਚਗਲੇ ਹੋਏ ਲਤੀਫ਼ੇ ਚੁਗਲੀਆਂ
ਅੱਕ ਗਏ ਹੋਣੇ ਨੇ ਕੰਨ
ਥੱਕ ਗਏ ਹੋਣੇ ਨੇ ਹੋਂਠ
ਲਿਪਸਟਿਕ ਦੇ ਨਾਲ ਹੀ ਪੂੰਝ ਦੇਵੋ
ਇਹਨਾਂ ਤੋਂ ਮੁਸਕਾਣ ਵੀ
ਬਾਹਰ
ਪੱਛਮ ਵਿਚ ਡਿਗਣ ਲੱਗਾ ਹੈ ਚੰਨ
ਸੌਂ ਜਾਉ ਹੁਣ
ਰਾਤ ਕਾਫ਼ੀ ਹੋ ਗਈ ਹੈ ਜਾਨੇ-ਮਨ।