ਦੱਬੀ ਹੋਈ ਦਿਲੋਂ ਨਿਕਲੀ ਜੋ ਆਹ ਬਣ ਕੇ,
ਗੱਲ ਸ਼ਹਿਰ ਵਿਚ ਉੱਡੀ ਅਫ਼ਵਾਹ ਬਣ ਕੇ।
ਜੋ ਤੂੰ ਦਿੱਤਾ ਹੈ ਦਿਲਾਸਾ ਮੇਰੇ ਢਹਿੰਦੇ ਚਿੱਤ ਨੂੰ,
ਮੇਰੇ ਕਾਲਜੇ 'ਚ ਵਸਿਆ ਹੈ ਸਾਹ ਬਣ ਕੇ।
ਤੇਰੀ ਮੰਜ਼ਿਲ ਬਣਾਂ ਮੈਂ ਜੇ ਤੂੰ ਰਹੇਂ ਮੇਰੇ ਕੋਲ,
ਜੇ ਹੈ ਜਾਣਾ ਤਾਂ ਮੈਂ ਵਿਛ ਜਾਵਾਂ ਰਾਹ ਬਣ ਕੇ।
ਜਿਦ੍ਹੀ ਸ਼ਹਿ 'ਤੇ ਜਿਦ੍ਹੇ ਲਈ ਮੈਥੋਂ ਹੋ ਗਿਆ ਜੁਰਮ,
ਆਇਆ ਉਹੀ ਇਸਤਗਾਸੇ ਦਾ ਗਵਾਹ ਬਣ ਕੇ।
ਬਾਝ ਤੇਰੇ ਰਿਹਾ ਨਾ ਸਾਹ-ਸਤ ਕੋਈ,
ਮੇਰੀ ਜ਼ਿੰਦਗੀ 'ਚ ਆ ਜਾ ਉਤਸ਼ਾਹ ਬਣ ਕੇ।