ਜੇ ਡਾਚੀ ਸਹਿਕਦੀ ਸੱਸੀ ਨੂੰ

ਪੁਨੂੰ ਥੀਂ ਮਿਲਾ ਦੇਂਦੀ

ਤਾਂ ਤੱਤੀ ਮਾਣ ਸੱਸੀ ਦਾ

ਉਹ ਮਿੱਟੀ ਵਿਚ ਰੁਲਾ ਦੇਂਦੀ

ਭਲੀ ਹੋਈ ਕਿ ਸਾਰਾ ਸਾਉਣ ਹੀ

ਬਰਸਾਤ ਨਾ ਹੋਈ,

ਪਤਾ ਕੀ ਆਲ੍ਹਣੇ ਦੇ ਟੋਟਰੂ

ਬਿਜਲੀ ਜਲਾ ਦੇਂਦੀ

ਮੈਂ ਅਕਸਰ ਵੇਖਿਐ-

ਕਿ ਤੇਲ ਹੁੰਦਿਆਂ ਸੁੰਦਿਆਂ ਦੀਵੇ,

ਹਵਾ ਕਈ ਵਾਰ ਦਿਲ ਦੀ

ਮੌਜ ਖ਼ਾਤਰ ਹੈ ਬੁਝਾ ਦੇਂਦੀ

ਭੁਲੇਖਾ ਹੈ ਕਿ ਜ਼ਿੰਦਗੀ

ਪਲ ਦੋ ਪਲ ਲਈ ਘੂਕ ਸੌਂ ਜਾਂਦੀ,

ਜੇ ਪੰਛੀ ਗ਼ਮ ਦਾ ਦਿਲ ਦੀ

ਸੰਘਣੀ ਜੂਹ 'ਚੋਂ ਉਡਾ ਦੇਂਦੀ

ਹਕਕੀਤ ਇਸ਼ਕ ਦੀ

ਜੇ ਮਹਿਜ ਹੁੰਦੀ ਖੇਡ ਜਿਸਮਾਂ ਦੀ,

ਤਾਂ ਦੁਨੀਆਂ ਅੱਜ ਤੀਕਣ

ਨਾਂ ਤੇਰਾ ਮੇਰਾ ਭੁਲਾ ਦੇਂਦੀ

ਮੈਂ ਬਿਨ ਸੂਲਾਂ ਦੇ ਰਾਹ 'ਤੇ

ਕੀ ਟੁਰਾਂ ਮੈਨੂੰ ਸ਼ਰਮ ਆਉਂਦੀ ਹੈ,

ਮੈਂ ਅੱਖੀਂ ਵੇਖਿਐ

ਕਿ ਹਰ ਕਲੀ ਓੜਕ ਦਗ਼ਾ ਦੇਂਦੀ

ਵਸਲ ਦਾ ਸਵਾਦ ਤਾਂ

ਇਕ ਪਲ ਦੋ ਪਲ ਦੀ ਮੌਜ ਤੋਂ ਵੱਧ ਨਹੀਂ,

ਜੁਦਾਈ ਹਸ਼ਰ ਤੀਕਣ

ਆਦਮੀ ਨੂੰ ਹੈ ਨਸ਼ਾ ਦੇਂਦੀ

📝 ਸੋਧ ਲਈ ਭੇਜੋ