ਊਠਾਂ ਵਾਲਿਆਂ ਨੂੰ ਦੇਈਂ ਨ ਮਾਏ
ਜਿੰਦ ਕਰਦੇ ਦੁਖਿਆਰੀ,
ਦਰਦ ਝਨਾਂ ਦੇ ਲੱਦ ਗਏ ਜਿੱਧਰ
ਉਧਰੇ ਸਾਡੀ ਤਿਆਰੀ,
ਚੜ੍ਹਿਆ ਤਪਦਾ ਸੂਰਜ ਸਿਰ 'ਤੇ
ਜਦ ਵੀ ਉਮਰ ਸ਼ਿੰਗਾਰੀ,
ਰਾਤ ਅੱਲਾ ਦੀ ਚਮਕਣ ਤਾਰੇ
ਵਹਿਣ ਝਨਾਂ ਦੇ ਭਾਰੀ,
ਬਾਹਵਾਂ ਵਾਲਿਆ ਆ ਮਿਲ ਛੱਡ ਕੇ
ਤੇਗਾਂ ਦੀ ਸਰਦਾਰੀ,
ਟਾਹਲੀਆਂ ਦੀ ਛਾਵਾਂ ਦੇ ਕੋਲੇ ਰਾਂਝਣ
ਤਕਦਾ ਰਾਤ ਪਿਆਰੀ,
ਦਰ ਦਰਵੇਸ਼ ਅਸਾਂ ਵੀ ਜਾਣਾ
ਚੜ੍ਹ ਕੇ ਸ਼ੁਤਰ ਕੰਧਾਰੀ॥੧॥
ਊਠਾਂ ਵਾਲਿਆਂ ਨੂੰ ਦੇਈਂ ਨ ਮਾਏ
ਜਾਨ ਰਹਿਮ ਬਿਨ ਮਾਰੀ,
ਪੰਖ ਖੰਜਰ ਦੇ ਰਾਤਾਂ ਚੀਰਨ
ਲਹੂ-ਸ਼ੂਕ ਅੰਧਿਆਰੀ,
ਭੱਠ 'ਤੇ ਚਾੜ੍ਹ ਧਰਤ ਨੂੰ ਕਰਦੇ
ਸ਼ੁਤਰਾਂ 'ਤੇ ਅਸਵਾਰੀ,
ਜਿੰਦ ਦਾ ਬਾਜ਼ · ਮੌਤ ਹੱਥ ਦਿੰਦੇ
ਪਾ ਝੱਖੜਾਂ ਨਾਲ ਯਾਰੀ,
ਖਾਕੀਂ ਅੱਗ ਜ਼ਖ਼ਮ ਦੀ ਉੱਠੇ...
ਸੁੰਨ ਰਹਿਮ ਦੀ ਖਾਰੀ,
ਕਾਲ-ਜੀਭ ਪੈੜਾਂ ਨੇ ਕੱਢੀ
ਭੁੱਖੀ ਧੂੜ ਵਿਚਾਰੀ,
ਬਾਗ਼ਾਂ ਦੇ ਸੱਖਣੇ ਬਨੇਰੇ 'ਤੇ ਵੱਜੇ
ਰੋਹੀਆਂ ਦੀ ਕਿਲਕਾਰੀ॥੨॥