ਦਫ਼ਤਰ ਜਾਂਦਾ ਸੂਰਜ

ਮੈਂ ਰੋਜ਼ ਸਵੇਰੇ

ਪੂਰਬ ਜਿਹੇ ਘਰ 'ਚੋਂ ਨਿਕਲਦਾ ਹਾਂ

ਪੱਛਮ ਜਿਹੇ ਦਫ਼ਤਰ 'ਚ

ਡੁੱਬ ਜਾਂਦਾ ਹਾਂ

ਜਦੋਂ ਪੌੜੀਆਂ ਚੜ੍ਹਦੀ

ਛੱਮਕ-ਛੱਲੋ ਦੇ ਸੈਂਡਲਾਂ ਦੀ ਟਕ-ਟਕ

ਨੌਂ ਵੱਜਣ ਦਾ ਸੰਕੇਤ ਦਿੰਦੀ ਹੈ

ਤਾਂ ਜਲੌਅ 'ਚ ਜਾਂਦਾ ਹੈ ਮੇਰਾ ਚਿਹਰਾ

ਮੁੱਦਤਾਂ ਪੁਰਾਣੀਆਂ ਫ਼ਾਈਲਾਂ ਫ਼ਰੋਲਦਿਆਂ

ਪਲ-ਪਲ ਹੁੰਦਾ ਹਾਂ ਲੋਹਾ-ਲਾਖਾ

ਕਤਾਰ 'ਚ ਖੜ੍ਹੇ

ਭੋਲੇ-ਭਾਲੇ ਮਾਸੂਮ ਚਿਹਰੇ

ਲਾਟਾਂ ਛੱਡਦੇ ਪੈਰ

ਤਿਉੜੀਆਂ ਭਰੇ ਮੱਥੇ 'ਚੋਂ ਭਾਲਦੇ ਨੇ

ਕੋਈ ਸੁਖਦ ਅਹਿਸਾਸ

ਤੇ ਜਦੋਂ ਮੈਂ ਦੇਵਤਾ ਬਣ ਮੰਗਦਾ ਹਾਂ

ਕੋਈ ਭਿਖਿਆ

ਕੋਈ ਯੱਗ

ਕੋਈ ਦਾਨ

ਤਾਂ ਖਾਲੀ ਜੇਬਾਂ ਵਾਲੀ ਸਾਰੀ ਕਤਾਰ

ਹੋ ਜਾਂਦੀ ਹੈ

ਸਿਰ ਤੋਂ ਪੈਰਾਂ ਤੱਕ ਪਸੀਨਾ-ਪਸੀਨਾ

ਮੇਰੇ ਵੇਖਦਿਆਂ-ਵੇਖਦਿਆਂ

ਆਸਾਂ 'ਤੇ ਫਿਰੇ ਪਾਣੀ 'ਚ

ਡੁੱਬਣ ਲੱਗਦੇ ਨੇ

ਉਹਨਾਂ ਦੇ ਮੱਚਦੇ ਹੋਏ ਸੁਪਨੇ

ਮੈਂ ਅੰਨ੍ਹਾਂ ਸੂਰਜ

ਹਜ਼ਾਰਾਂ ਘਰਾਂ ਨੂੰ ਕਰ ਸਕਦਾ ਹਾਂ ਰੌਸ਼ਨ

ਪਰ ਆਪਣੇ ਅੰਦਰ ਦੇ ਹਨ੍ਹੇਰੇ ਹੱਥੋਂ

ਹਾਰ ਜਾਂਦਾ ਹਾਂ ਅਕਸਰ

ਹਰ ਲੋੜਵੰਦ ਨੂੰ ਨਚੋੜ ਦਿੰਦਾ ਹੈ

ਹੁੰਮਸ

ਤਪਸ਼

ਸੜਾਂਦ ਨਾਲ ਭਰਿਆ ਮੇਰਾ ਸਿਖ਼ਰ-ਦੁਪਹਿਰਾ

ਜਦ ਕਦਮ- ਦਰ- ਕਦਮ ਤੁਰਦਾ ਹਾਂ

ਤਾਂ ਹਜ਼ਾਰਾਂ ਸ਼ਰਧਾਲੂਆਂ ਦਾ ਜਥਾ

ਝੁਕ-ਝੁਕ ਕਰਦਾ ਹੈ ਸਲਾਮਾਂ

ਤੇ ਮਹਿਸੂਸਦਾ ਹਾਂ ਮੈਂ

ਕਿ ਇੰਨ੍ਹਾਂ ਤੋਂ ਅਰਬਾਂ-ਖਰਬਾਂ ਮੀਲ ਦੂਰ ਬੈਠਾ

ਸਭ ਤੋਂ ਉੱਚਾ

ਸਭ ਤੋਂ ਵੱਡਾ

ਇਕਲੌਤਾ ਸੂਰਜ ਹਾਂ ਇਹਨਾਂ ਦਾ

ਮੈਂ ਤੁਰਦੀ-ਫਿਰਦੀ ਭੀੜ 'ਚੋਂ ਗ਼ੁਜ਼ਰਦਾ

ਹਜ਼ੂਮ 'ਚੋਂ ਲੰਘਦਾ

'ਗੁੱਡ-ਇਵਨਿੰਗ'ਕਹਿੰਦਾ

ਛਿਪ ਜਾਂਦਾ ਹਾਂ

ਸਰਕਾਰੀ ਕਾਰ ਦੀ ਗੁਦਗੁਦੀ ਸੀਟ ਵਿਚ

ਤੇ ਪਰਛਾਵਿਆਂ ਵਰਗੇ ਲੋਕ

ਮਰੀਆਂ ਰੀਝਾਂ ਦੀ ਲੋਥ ਚੁੱਕੀ

ਪਰਤ ਜਾਂਦੇ ਨੇ ਘਰਾਂ ਨੂੰ

ਮੈਂ ਸੂਰਜ

ਪੂਰਬ ਜਿਹੇ ਘਰ 'ਚੋਂ ਨਿਕਲਦਾ ਹਾਂ

ਪੱਛਮ ਜਿਹੇ ਦਫ਼ਤਰ 'ਚ ਡੁੱਬ ਜਾਂਦਾ ਹਾਂ

📝 ਸੋਧ ਲਈ ਭੇਜੋ