ਡੱਕੇ ਜਾਣ ਨਾ ਜੀਵੇਂ

ਡੱਕੇ ਜਾਣ ਨਾ ਜੀਵੇਂ ਅੱਥਰੂ, ਪਲਕਾਂ ਉੱਤੇ ਆਏ

ਐਵੇਂ ਭੁੱਖੇ ਬਾਲ ਨਾ ਜਾਵਣ, ਬਾਤਾਂ ਥੀਂ ਪਰਚਾਏ ।

ਹੁਣ ਤੇ ਸਾਡੇ ਘਰ ਖ਼ੁਸ਼ਹਾਲੀ, ਭੇਜ ਦੇ ਸੋਹਣਿਆ ਰੱਬਾ,

ਬੜੀਆਂ ਰੁੱਤਾਂ ਲੰਘੀਆਂ ਸਾਨੂੰ, ਕਰਦਿਆਂ ਹਾਏ ਹਾਏ ।

ਜਿੱਥੇ ਮਹਿਲਾਂ ਵਾਲੇ ਆਖਣ, ਮਰ ਗਏ ਭੁੱਖਾਂ ਹੱਥੋਂ,

ਭਾਂਡੇ ਮਾਂਜਣ ਵਾਲੀ ਕੀ ਫਿਰ ਉੱਥੇ ਹਾਲ ਸੁਣਾਏ ।

ਜੰਮਦੀ ਧੀ ਨੂੰ ਮਾਰਣ ਵਾਲੀਆਂ ਰਸ਼ਮਾਂ ਮੁੜ ਫੁੱਟ ਪੈਣੈਂ,

ਮਜ਼ਦੂਰੀ ਚੋਂ ਜੇਕਰ ਏਥੇ ਗਏ ਨਾ ਦਾਜ ਬਣਾਏ ।

ਚੁੱਪ-ਚੁਪੀਤੀ ਟੁਰ ਜਾ ਏਥੋਂ ਰੱਤੇ ਰੰਗਾਂ ਭਰੀਏ,

ਥਾਪੜ-ਥਾਪੜ ਹੁਣ ਮੈਂ ਆਪਣੇ ਜਜ਼ਬੇ ਹੈਨ ਸੁਲਾਏ ।

'ਸ਼ਾਕਿਰ' ਕੋਈ ਆਖੇ ਉਹਨੂੰ ਐਨੀ ਤੇ ਗੱਲ ਜਾ ਕੇ,

ਨਹੀਂ ਆਉਣਾ ਤੇ ਆਪਣੀਆਂ ਸੱਭੇ ਯਾਦਾਂ ਵੀ ਲੈ ਜਾਏ ।

📝 ਸੋਧ ਲਈ ਭੇਜੋ