ਤੁਹਾਡੇ ਦਿਲ 'ਚ ਬਦੀਆਂ ਨੇ
ਵਹੀਰਾਂ ਆਪਣੇ ਘਰ ਨੂੰ ਤੁਸੀਂ ਤਾਂ ਆਪ ਸੱਦੀਆਂ ਨੇ
ਜੇਕਰ ਇਹ ਗੱਲ ਨਹੀਂ ਸੀ
ਘਰ ਦੇ ਬੂਹੇ ਭੀੜ ਕੇ ਰੱਖਦੇ
ਜੇ ਆਉਂਦੇ ਖ਼ੂਨ ਦੇ ਛਿੱਟੇ
ਤਾਂ ਉੱਚੀ ਕੰਧ ਕਰ ਲੈਂਦੇ
ਜੇ ਫਿਰ ਵੀ ਸੁਣਦੀਆਂ ਚੀਕਾਂ
ਤੁਹਾਡੇ ਕੋਲ ਉਂਗਲਾਂ ਸਨ
ਤੁਸੀਂ ਕੰਨ ਬੰਦ ਕਰ ਲੈਂਦੇ।
ਅਸੀਂ ਆਪਣੇ ਪਿਆਰ ਦੇ ਪਵਿੱਤਰ ਵਤਨ ਵਿਚ
ਜੋ ਕੁਝ ਵੀ ਕਰਦੇ ਹਾਂ
ਤੁਹਾਨੂੰ ਕੀ ਕਿਸੇ ਨੂੰ ਰੱਖਦੇ ਭੁੱਖਾ
ਕਿਸੇ ਦਾ ਢਿੱਡ ਭਰਦੇ ਹਾਂ
ਤੁਹਾਨੂੰ ਕੀ
ਝਗੜਦੇ ਆਪਣੇ ਘਰ
ਆਪੋ ਵਿਚ ਲੜਦੇ ਹਾਂ ਮਰਦੇ ਹਾਂ
ਤੁਹਾਨੂੰ ਕੀ
ਵਹੀਰਾਂ ਆਪਣੇ ਘਰ ਨੂੰ ਤੁਸੀਂ ਤਾਂ ਆਪ ਸੱਦੀਆਂ ਨੇ
ਤੁਹਾਡੇ ਦਿਲ 'ਚ ਬਦੀਆਂ ਨੇ।
ਚਲੋ ਮੰਨਿਆ
ਜੇ ਇਹ ਇਨਸਾਨੀਅਤ ਦੇ ਦਰਦ ਦੀ ਗੱਲ ਹੈ
ਤਾਂ ਫਿਰ ਮੰਨੋ
ਕਿ ਇਹ ਮਸਲਾ ਹੈ ਇਨਸਾਨੀ
ਕਿਉਂ ਕਹਿੰਦੇ ਹੋ
ਕਿ ਇਸ ਦਾ ਸਿਆਸੀ ਲੱਭਣਾ ਹੱਲ ਹੈ।
ਘਰਾਂ ਤੋਂ ਉੱਜੜੇ
ਭੈ ਭੀਤ ਭੁੱਖੇ ਵਿਲਕਦੇ ਲੋਕਾਂ ਦੇ ਦੁੱਖਾਂ ਨੂੰ
ਸਿਆਸੀ ਆਖਦੇ ਨੇ ਉਹ
ਜਿੰਨ੍ਹਾਂ ਦੇ ਦਿਲ ਬੇਈਮਾਨੀ
ਇਹ ਮਸਲਾ ਹੈ ਹੀ ਇਨਸਾਨੀ
ਸਿਆਸਤ ਨਾਲ, ਸੋਚੋ ਤਾਂ, ਕਿਵੇਂ ਹੈ ਵਾਸਤਾ ਇਸ ਦਾ
ਸਿਆਸਤ ਦਾ ਭਲਾ ਇਨਸਾਨੀਅਤ ਦੇ ਨਾਲ ਕੀ ਰਿਸ਼ਤਾ।