ਡਲਕਦੇ ਨੈਣਾਂ ਦੇ ਵਿਚ

ਡਲਕਦੇ ਨੈਣਾਂ ਦੇ ਵਿਚ ਸੁਪਨੇ ਲਈ ਫਿਰਦੇ ਰਹੇ। 

ਆਪਣੀ ਹੀ ਲਾਸ਼ ਦੇ ਟੁਕੜੇ ਲਈ ਫਿਰਦੇ ਰਹੇ। 

ਵਰ ਸਕੇ ਨਾ ਜ਼ਿੰਦਗੀ ਨੂੰ, ਵਕਤ ਦੀ ਸਾਜ਼ਿਸ਼ ਸੀ ਇਹ, 

ਉਮਰ ਭਰ ਹੱਥਾਂ ਦੇ ਵਿਚ ਸਿਹਰੇ ਲਈ ਫਿਰਦੇ ਰਹੇ। 

ਰੌਸ਼ਨੀ ਦੀ ਝਲਕ ਮਾਤਰ ਵੀ ਨਹੀਂ ਹੋਈ ਨਸੀਬ, 

ਸੁੰਨੀਆਂ ਮੜ੍ਹੀਆਂ 'ਚ ਉਹ ਦੀਵੇ ਲਈ ਫਿਰਦੇ ਰਹੇ। 

ਜ਼ਿੰਦਗੀ ਦੀ ਭੂਮਿਕਾ ਵੀ ਹਾਇ ਨਿਭਾਈ ਇਸ ਤਰ੍ਹਾਂ,

ਦਰਦ ਦਿਲ ਵਿਚ ਬੁੱਲ੍ਹਾਂ 'ਤੇ ਹਾਸੇ ਲਈ ਫਿਰਦੇ ਰਹੇ। 

ਜ਼ਖ਼ਮ, ਪੀੜਾਂ, ਹਉਕੇ, ਹੰਝੂ, ਰੋਸੇ, ਰੋਣੇ, ਦਰਦ, ਗ਼ਮ, 

ਇਸ ਤਰ੍ਹਾਂ ਦੇ ਕੁਝ ਅਸੀਂ ਤੋਹਫ਼ੇ ਲਈ ਫਿਰਦੇ ਰਹੇ। 

ਨਾ ਕੋਈ ਗਾਹਕ ਹੀ ਮਿਲਿਆ ਸੱਚੇ ਸੁੱਚੇ ਮਾਲ ਦਾ

ਸਾਰਾ ਦਿਨ ਮੰਡੀ ‘ਚ ਉਹ ਜਜ਼ਬੇ ਲਈ ਫਿਰਦੇ ਰਹੇ।

ਇਹ ਕਿਸੇ ਅਸਮਾਨ ਨੇ ਕੀਤੇ ਕਦੇ ਮਨਜ਼ੂਰ ਨਾ

ਜੇਬ ਵਿਚ ਪਾ ਕੇ ਅਸੀਂ ਤਾਰੇ ਲਈ ਫਿਰਦੇ ਰਹੇ।

ਦੋਸ਼ ਕੀ ਦੇਈਏ ਕਿਸੇ ਨੂੰ ਆਪਣੀ ਹੀ ਭੁੱਲ ਸੀ 'ਮਾਨ', 

ਪੱਥਰਾਂ ਦੇ ਸ਼ਹਿਰ ਵਿਚ ਸ਼ੀਸ਼ੇ ਲਈ ਫਿਰਦੇ ਰਹੇ।

📝 ਸੋਧ ਲਈ ਭੇਜੋ