ਦਮ 'ਚ ਦਮ ਬਾਕੀ

ਜਦੋਂ ਤਕ ਦਮ 'ਚ ਦਮ ਬਾਕੀ ਰਹੇਗਾ, 

ਮਿਰੇ ਨੈਣਾਂ 'ਚ ਨਮ ਬਾਕੀ ਰਹੇਗਾ । 

ਹੁਣੇ ਮਰ ਜਾਂ ਰਤਾ ਵਿਸ਼ਵਾਸ ਹੋਵੇ, 

ਮਿਰੇ ਪਿੱਛੋਂ ਗ਼ਮ ਬਾਕੀ ਰਹੇਗਾ । 

ਤਿਰੇ ਹੰਝੂ ਹੁਣੇ ਪੂੰਝ ਦੇਵਾਂ, 

ਨਹੀਂ ਤਾਂ ਇਕ ਜਨਮ ਬਾਕੀ ਰਹੇਗਾ । 

ਮੈਂ ਖ਼ੁਸ਼ਬੋ ਹਾਂ ਮੈਨੂੰ ਤੇਗ਼ ਪੋਹੇ, 

ਸਦਾ ਜ਼ੁਲਫਾਂ 'ਚ ਖ਼ਮ ਬਾਕੀ ਰਹੇਗਾ । 

ਮਿਲੇਗੀ ਲਾਸ਼ ਮੰਜ਼ਿਲ ਕੋਲ ਮੇਰੀ, 

ਕੋਈ ਇਕ ਅਧ ਕਦਮ ਬਾਕੀ ਰਹੇਗਾ । 

ਤੂੰ ਲਾਸਾਂ ਪਾ ਕੇ ਮੇਰੀ ਰੂਹ ਜਗਾਈ, 

ਹਮੇਸ਼ਾਂ ਇਹ ਕਰਮ ਬਾਕੀ ਰਹੇਗਾ । 

ਜੇ ਮੈਨੂੰ ਅਰਸ਼ ਤਕ ਕੇ ਮੁਸਕਰਾ ਦੇ, 

ਮੈਨੂੰ ਤਾਂ ਵੀ ਭਰਮ ਬਾਕੀ ਰਹੇਗਾ

📝 ਸੋਧ ਲਈ ਭੇਜੋ