ਦਰ-ਦਰ ਤੋਂ ਠੁਕਰਾਇਆ ਹੋਇਆ, ਜੋ ਮੇਰੇ ਦਰ ਆਇਆ ।
ਉਹੋ ਦਰਦ ਈ ਤੇ ਹੈ ਮੇਰੇ, ਜੀਵਨ ਦਾ ਸਰਮਾਇਆ ।
ਰਮਲਿਆਂ ਵਾਂਗੂੰ ਰਾਤੀਂ ਵੀ ਸਨ, ਆਸਾਂ ਟੇਵੇ ਲਾਏ,
ਕਿਸੇ ਵੀ ਆਕੇ ਮੇਰੇ ਘਰ ਦਾ, ਬੂਹਾ ਨਾ ਖੜਕਾਇਆ ।
ਮੇਰੀ ਬੇਵੱਸੀ ਨੂੰ ਦੇਖ ਫ਼ਰਿਸ਼ਤਿਆਂ ਦੇ 'ਪਰ' ਕੰਬੇ,
ਐਨਾ ਕਿਉਂ ਮਜਬੂਰ ਏ ਜੀਹਨੂੰ, ਖ਼ੁਦਮੁਖ਼ਤਾਰ ਬਣਾਇਆ ।
ਮੈਨੂੰ ਵੀ ਤੇ ਚੜ੍ਹਣਾ ਪੈਣੈ, ਹੁਣ ਰੀਤਾਂ ਦੀ ਸੂਲੀ,
ਪੱਥਰ ਜੱਗ ਦੀਆਂ ਪੱਥਰ ਰਸਮਾਂ, ਉਹਨੂੰ ਜਦ ਪਥਰਾਇਆ ।
ਮੇਰੀ ਆਸ ਦੇ ਸੁੱਤੇ ਬਾਲਕ, ਨੂੰ ਨਾ ਛੇੜੋ ਲੋਕੋ,
ਮੈਂ ਤੇ ਅੱਗੇ ਈ ਮਰ-ਮਿਟ ਕੇ, ਸੱਧਰਾਂ ਨੂੰ ਵਰਚਾਇਆ ।
ਅੱਚਨ-ਚੇਤੀ ਅੱਜ ਸਵੇਰੇ ਉਹ ਮੇਰੇ ਘਰ ਆਏ,
ਖ਼ਬਰੇ ਮੇਰੀਆਂ ਆਹਾਂ ਰਾਤੀਂ, ਰੱਬ ਦਾ ਅਰਸ਼ ਹਿਲਾਇਆ ।
ਮੇਰਾ ਨਾਂ ਵੀ 'ਜ਼ਖ਼ਮੀ' ਹੋਸੀਂ, ਉਦੋਂ ਉਹਨੇ ਦੱਸਿਆ,
ਬਚਪਨ ਵਿਚ ਇਕ ਪਾਂਡੇ ਨੂੰ ਮੈਂ ਜਦ ਸੀ ਹੱਥ ਵਿਖਾਇਆ ।