ਦਰਖ਼ਤਾਂ 'ਚ ਜਦੋਂ ਤਾਰੇ ਖਿੜਨ ਤਾਂ ਢੂੰਡ ਲੈਣਾ।
ਕਦੇ ਨੀਂਦਰ 'ਚੋਂ ਜੇ ਪੱਤੇ ਝੜਨ ਤਾਂ ਢੂੰਡ ਲੈਣਾ।
ਕਿਸੇ ਸੁੰਨਸਾਨ ਵਾਦੀ ਵਿਚ ਜਦੋਂ ਹੋਵੋ ਇਕੱਲੇ,
ਕਿਤੋਂ ਸਰਗੋਸ਼ੀਆਂ ਜੇਕਰ ਸੁਣਨ ਤਾਂ ਢੂੰਡ ਲੈਣਾ।
ਤਿਰੇ ਹੱਥ ਬੀਤਿਆ ਪਲ ਸ਼ਾਇਦ ਕੋਈ ਆ ਹੀ ਜਾਵੇ,
ਜਦੋਂ ਨੱਠੋਂ ਕੁਈ ਤਿਤਲੀ ਫੜਨ ਤਾਂ ਢੂੰਡ ਲੈਣਾ।
ਕਿਸੇ ਬੱਦਲ ਤਰ੍ਹਾਂ ਆਵਾਰਾ ਫਿਰਦਾ ਮਿਲ ਪਵਾਂਗਾ,
ਥਲਾਂ ਵਿਚ ਪੈਰ ਤੇਰੇ ਜੇ ਕਿਤੇ ਲੱਗਣ ਸੜਨ ਤਾਂ ਢੂੰਡ ਲੈਣਾ।
ਕਿਸੇ ਪੰਨੇ ਤੇ ਮੇਰਾ ਨਾਮ ਵੀ ਲਿਖਿਆ ਮਿਲੇਗਾ,
ਜਦੋਂ ਲੱਗੋ ਕੁਈ ਪੁਸਤਕ ਪੜ੍ਹਨ ਤਾਂ ਢੂੰਡ ਲੈਣਾ।
ਖੜ੍ਹੇ ਸੀ ਜਿਸ ਬਿਰਖ਼ ਥੱਲੇ, ਕਦੇ ਆਪਾਂ ਇਕੱਠੇ,
ਜੇ ਬੱਸ ਓਥੋਂ ਕੁਈ ਲੱਗੇ ਫੜਨ ਤਾਂ ਢੂੰਡ ਲੈਣਾ।
ਕਦੇ ਪੱਛਮ 'ਚ ਉਹ ਦਰਿਆ ਕਿਨਾਰੇ ਲਿਸ਼ਕਿਆ ਸੀ,
ਜੇ ਉਸਦਾ ਬੁੱਤ ਕੋਈ ਲੱਗੇ ਘੜਨ ਤਾਂ ਢੂੰਡ ਲੈਣਾ।