ਦਰਦ ਦਾ ਮੈਂ ਗੀਤ ਹਾਂ ਤੇ ਪੀੜ ਦਾ ਨਗਮਾ ਹਾਂ ਮੈਂ।
ਨੀਝ ਲਾ ਕੇ ਪੜ੍ਹ ਲਵੋ ਹਰ ਸ਼ਖ਼ਸ ਦਾ ਚਿਹਰਾ ਹਾਂ ਮੈਂ।
ਆਪਣਾ ਸਭ ਕੁਝ ਲੁਟਾ ਕੇ ਮੰਡੀ ਵਿਚ ਚੁਪ ਚਾਪ ਹੀ,
ਘਰ ਨੂੰ ਵਾਪਸ ਪਰਤਦੇ ਕਿਰਸਾਨ ਦਾ ਹਉਕਾ ਹਾਂ ਮੈਂ।
ਸ਼ਹਿਰ ਦੇ ਇਸ ਚੌਕ ਵਿਚ ਅੱਜ ਗੂੰਜਦੇ ਨੇ ਕਹਿਕਹੇ,
ਏਸ ਥਾਂ ਹੋਇਆ ਦਫ਼ਨ ਮਜ਼ਲੂਮ ਦਾ ਹਾਸਾ ਹਾਂ ਮੈਂ।
ਜ਼ਖ਼ਮ ਮੇਰੇ ਜਿਸਮ ਦੇ ਤੂੰ ਵੇਖ ਕੇ ਨਾ ਮੁਸਕਰਾ,
ਕਾਤਿਲਾਂ ਦੇ ਇਸ ਨਗਰ ਵਿਚ ਇਸ਼ਕ ਦਾ ਜਜ਼ਬਾ ਹਾਂ ਮੈਂ।
ਕੂੜ ਦਾ ਵਿਓਪਾਰ ਕਰਦੇ ਜਲਸਿਆਂ ਦੇ ਰਾਹਬਰੋ!
ਭੀੜ ਦੇ ਹਰ ਜ਼ਿਹਨ ਵਿਚ ਜੋ ਸੁਲਘਦਾ ਨਾਅਰਾ ਹਾਂ ਮੈਂ।
ਮੈਂ ਨਹੀਂ ਸੂਰਜ ਤੇ ਨਾ ਹੀ ਮੈਂ ਕਦੇ ਦਾਅਵਾ ਕਰਾਂ,
ਘੁੱਪ ਹਨੇਰੀ ਰਾਤ ਵਿਚ ਚਾਨਣ ਦਾ ਇਕ ਕਤਰਾ ਹਾਂ ਮੈਂ।