ਦਰਦ-ਸੁਨੇਹਾ

ਰੁੱਠਿਓ ਸਜਣੋ

ਵੇਲਾ ਅਜੇ ਵੀ ਪੱਛੋਤਾਈਏ

ਟੁੱਟੇ ਦਿਲ

ਜੋੜਨ ਦੀ ਕੋਈ ਜੁਗਤ ਬਣਾਈਏ।

ਇਹ ਧਰਮਾਂ ਭਰਮਾਂ ਦੀ ਹੱਟ ਸਜਾ ਕੇ 

ਕੀ ਵੱਟਿਆ ਹੈ?

ਵਿਤਕਰਿਆਂ ਦੇ ਵਣਜੋਂ ਕੀ ਖੱਟਿਆ ਹੈ?

ਨ੍ਹੇਰੀ ਜੂਨ 'ਚ

ਵਿਲਕਦੀਆਂ ਅੱਖੀਆਂ ਦੀ

ਰੋ ਰੋ ਹਿਸਦੀ ਜੋਤ ਜਗਾ ਕੇ

ਬਾਹਵਾਂ ਅੱਡ

ਉਡੀਕਦੀਆਂ ਪੁੱਤਰਾਂ ਨੂੰ ਮਾਵਾਂ 

ਮੱਥਿਆਂ ਉੱਤੋਂ

ਬਿੰਦੀਆਂ ਵਾਂਗ ਪੂੰਝ ਤਕਦੀਰਾਂ

ਵੰਗਾਂ ਚੂੜੇ ਭੰਨ੍ਹ ਕੇ

ਪੈਨਸ਼ਨ ਦੇ ਚੱਕਰ ਵਿਚ

ਦਫ਼ਤਰ ਦਫ਼ਤਰ

ਭਟਕਦੀਆਂ ਸੋਗੀ ਵਿਧਵਾਵਾਂ

ਦਿਲਾਂ 'ਚ ਦੱਬੇ ਮੋਏ ਹੋਏ ਚਾਅ ਅਨੁਮਾਣੇ

ਹੁੰਦੇ ਜਾਣ ਅਵਾਰਾ

ਸੁਰਤ ਸੰਭਾਲਣ ਤੋਂ ਪਹਿਲਾਂ ਹੀ

ਹੋਏ ਯਤੀਮ ਮਾਸੂਮ ਅੰਞਾਣੇ।

ਇਹ ਮਾਰੀ ਹੈ ਮੱਲ ਆਪਾਂ ਨੇ 

ਇਹ ਕੀਤੀ ਨਫ਼ਰਤ ਦੀ ਖੱਟੀ।

ਕਿਉਂ ਹਾਲੇ ਵੀ

ਬਗਲੀਂ ਬਦਲੇ ਦੀ ਬਿਜਲੀ ਲੈ

ਬੱਦਲਾਂ ਵਾਂਗੂੰ ਗੱਜੀਏ 

ਅੜਦੇ ਖਹਿੰਦੇ

ਟੱਕਰ ਖਾ ਖਾ ਡਿੱਗੀਏ 

ਟੁੱਟੀਏ ਭੱਜੀਏ।

ਆਉ ਅਜੇ ਵੀ

ਇਕ ਸੁਰ ਸਾਂਝਾ ਕਰੀਏ ਦੁਖ ਸੁਖ 

ਪਿਆਰ ਦੀ ਭਾਜੀ ਲੈ ਕੇ ਆਈਏ 

ਦਰਦ ਭਿਆਲੀ ਪਾਈਏ।

ਕੀ ਕਹਿੰਦੇ ਹੋ?

ਕਿੰਜ ਆਗ਼ਾਜ਼ ਹੋਏਗਾ?

ਮੋੜ ਲਿਆਈਏ ਹੋਸ਼

ਇਕ ਦੂਜੇ ਦੇ ਨੈਣਾਂ ਵਿਚ ਝਾਕੀਏ 

ਤੇ ਸ਼ਰਮਿੰਦੇ ਹੋਈਏ

ਲਹੂ-ਪਲੱਥੇ ਹੱਥ ਹੰਝੂਆਂ ਦੇ ਵਿਚ ਧੋਈਏ 

ਆਪੋ ਆਪਣਾ ਦੋਸ਼

ਆਪਣੀ ਝੋਲੀ ਪਾਈਏ

ਇਕੋ ਪਾਲ 'ਚ ਖੜ ਕੇ

‘ਇਕੋ ਰੰਗ ਕਪਾਹੀ ਦਾ, ਸਭ ਇਕ ਰੰਗ ਕਪਾਹੀ ਦਾ’

ਆਪਣੀ ਸਾਂਝੀ ਬੋਲੀ ਦੇ ਵਿਚ

ਬੁਲ੍ਹੇ ਸ਼ਾਹ ਦੀ ਕਾਫ਼ੀ ਗਾਈਏ

ਧਰਤੀ ਮਾਂ ਤੋਂ

ਡੋਹਲੀ ਰੁੱਤ ਦੀ ਭੁੱਲ ਬਖਸ਼ਾਈਏ।

ਰੁੱਠਿਓ ਸਜਣੋ

ਵੇਲਾ ਅਜੇ ਵੀ ਪਛੋਤਾਈਏ

ਭਜੀਆਂ ਬਾਹਾਂ ਆਉਣ ਗਲਾਂ ਨੂੰ

ਟੁੱਟੇ ਦਿਲ ਜੋੜਨ ਦੀ ਕੋਈ ਜੁਗਤ ਬਣਾਈਏ।

📝 ਸੋਧ ਲਈ ਭੇਜੋ