ਦਰਦਾਂ ਨੇ ਬਖ਼ਸ਼ੀ ਏ ਰੰਗਤ ਪੀੜਾਂ ਨੇ ਖ਼ੁਸ਼ਬੋਈ ।
ਦਿਲ ਦੇ ਏਸ ਉਜਾੜ ਨਗਰ ਵਿਚ ਕੁਝ ਤੇ ਰੌਣਕ ਹੋਈ ।
ਸੱਧਰਾਂ ਦੀ ਬੇਕਫ਼ਨੀ ਮੱਯਤ ਸੀਨੇ ਲਾਈ ਫਿਰਨਾਂ,
ਮੇਰੇ ਵਰਗਾ ਪਾਗਲ ਲੋਕੋ ਜਗ ਵਿਚ ਹੈ ਜੇ ਕੋਈ ।
ਮਰ ਕੇ ਵੀ ਅਸੀਂ ਬਣੇ ਤਮਾਸਾ ਤੱਕਦਾ ਰਿਹਾ ਜ਼ਮਾਨਾ,
ਕਿਸੇ ਵੀ ਮੂੰਹੋਂ ਵੈਣ ਨਾ ਨਿਕਲੇ ਕੋਈ ਵੀ ਅੱਖ ਨਾ ਰੋਈ ।
ਇਹਨੂੰ ਮੈਂ ਖ਼ੁਸ਼ਵਖ਼ਤੀ ਸਮਝਾਂ ਯਾ ਆਪਣੀ ਬਦਬਖ਼ਤੀ,
ਹੁਸਨ ਕਚਹਿਰੀਉਂ ਬਰੀ ਵੀ ਹੋ ਕੇ ਮਿਲੀ ਨਾ ਕਿਧਰੇ ਢੋਈ ।
ਧਰਤੀ ਦੇ ਲਈ ਆਫ਼ਤ ਬਣ ਗਏ ਇਹਦੀ ਕੁੱਖ ਦੇ ਜਾਏ,
ਗ਼ੈਰਤਮੰਦ ਕਦੇ ਨਹੀਂ ਖੋਹੰਦੇ ਮਾਂ ਦੇ ਸਿਰ ਦੀ ਲੋਈ ।
ਅੱਜ ਦੀ ਨਾਰ ਤੇ ਮਾਂ ਦਾ ਰਿਸ਼ਤਾ ਏਸੇ ਲਈ ਦੋ ਹੋਏ,
ਨਾ ਇਸ ਅੰਬੜੀ ਚਰਖ਼ਾ ਕੱਤਿਆ ਨਾ ਇਸ ਚੱਕੀ ਝੋਈ ।
ਜ਼ਖ਼ਮੋ-ਜ਼ਖ਼ਮੀ ਜੁੱਸੇ ਤੇ ਹੁਣ ਕਿਹੜੇ ਪੱਜ ਮੈਂ ਰੋਵਾਂ,
ਸੋਹਲ ਜਿਹੀ ਜਦ ਜ਼ਿੰਦੜੀ ਆਪੇ ਕੰਡਿਆਂ ਨਾਲ ਪਰੋਈ ।
ਜਿੱਥੇ ਜਾਵਾਂ ਮੈਂ ਸੱਜਣ ਦੀ ਸ਼ੋਹਰਤ ਦੇ ਗੁਣ ਗਾਵਾਂ,
ਪਰ ਉਹ ਥਾਂ ਥਾਂ ਤੇ ਕਰਦਾ ਫਿਰਦਾ ਮੇਰੀ ਬਦਗੋਈ ।
ਫੁੱਲਾਂ ਦਾ ਉਸ ਰੂਪ ਵਟਾ ਕੇ ਪਲ ਪਲ ਖਿੜਦਿਆਂ ਰਹਿਣਾ,
ਲਹੂ ਦਾ ਵੱਤਰ ਲਾ ਕੇ ਜਿਸ ਵੀ ਸ਼ਿਅਰ ਦੀ ਮਿੱਟੀ ਗੋਈ ।
ਵਸਦੇ ਸ਼ਹਿਰ ਦੀ ਤਨਹਾਈ ਵਿਚ ਗੁੰਮ ਗਿਆ ਸੀ ਜਿਹੜਾ,
ਮੈਨੂੰ ਅਜ ਤਕ ਉਸ 'ਕਾਸ਼ਰ' ਦੀ ਮਿਲੀ ਨਹੀਂ ਕਨਸੋਈ ।