ਦਰਦਾਂ ਦੇ ਕੁੱਠਿਆਂ ਦੀਆਂ ਰੀਤਾਂ ਪੁਰਾਣੀਆਂ

ਦਰਦਾਂ ਦੇ ਕੁੱਠਿਆਂ ਦੀਆਂ ਰੀਤਾਂ ਪੁਰਾਣੀਆਂ ।

ਪਲਕਾਂ ਤੇ ਹੰਝੂਆਂ ਦੀਆਂ ਫ਼ਸਲਾਂ ਉਗਾਣੀਆਂ ।

ਸੁਣਦਾ ਏ ਕੌਣ ਇਸ ਭਜਾੜੀ ਦੇ ਦੌਰ ਵਿਚ,

ਲੇਖਾਂ ਦੇ ਮਾਰਿਆਂ ਦੀਆਂ ਲੰਮੀਆਂ ਕਹਾਣੀਆਂ ।

ਖ਼ਬਰੇ ਉਹ ਰਹਿਨੁਮਾ ਕਦੋਂ ਸ਼ਕਲਾਂ ਵਿਖਾਣਗੇ,

ਜਿਹਨਾਂ ਨੇ ਮੰਜ਼ਿਲਾਂ ਦੀਆਂ ਸ਼ਕਲਾਂ ਵਿਖਾਣੀਆਂ ।

ਮਿਲਿਆ ਏ ਸਾਨੂੰ ਹੌਸਲਾ ਜੀਵਨ ਦਾ ਦੇਖ ਕੇ,

ਫੁੱਲਾਂ ਤੇ ਕੰਡਿਆਂ ਦੀਆਂ ਸਾਂਝਾਂ ਸੁਹਾਣੀਆਂ ।

'ਸਾਕੀ' ਸਿਖਾ ਗਈ ਏ ਕਿਸੇ ਬੇਵਫ਼ਾ ਦੀ ਯਾਦ,

ਹਾਵਾਂ ਤੇ ਹੌਕਿਆਂ ਦੀਆਂ ਬਜ਼ਮਾਂ ਸਜਾਣੀਆਂ ।

📝 ਸੋਧ ਲਈ ਭੇਜੋ