ਦਰਦਾਂ ਦੇ ਅਣਮੁੱਲੇ ਮੋਤੀ ਰੱਖਦਾ ਕਿਸ ਤਹਿ-ਖ਼ਾਨੇ ਵਿੱਚ

ਦਰਦਾਂ ਦੇ ਅਣਮੁੱਲੇ ਮੋਤੀ ਰੱਖਦਾ ਕਿਸ ਤਹਿ-ਖ਼ਾਨੇ ਵਿੱਚ ?

ਜੇ ਮੌਜ਼ੂਦ ਵਜੂਦ ਨਾ ਹੁੰਦਾ ਮੇਰਾ ਏਸ ਜ਼ਮਾਨੇ ਵਿੱਚ

ਅਸਾਂ ਤੇ ਦਿਲ ਦਾ ਚਾਨਣ ਜਾਤਾ, ਤੈਨੂੰ ਹੀ ਬੇਦੀਦਾ ਉਏ !

ਪਰ ਤੂੰ ਰੱਤੀ ਫ਼ਰਕ ਨਾ ਕੀਤਾ, ਅਪਣੇ ਤੇ ਬੇਗਾਨੇ ਵਿੱਚ

ਐਡੀ ਸ਼ੁਹਰਤ ਕਾਹਨੂੰ ਮਿਲਦੀ ਤੇਰੀ ਰਾਮ-ਕਹਾਣੀ ਨੂੰ,

ਨਾ ਮੁੜ ਮੁੜ ਮੇਰਾ ਨਾਂ ਆਉਂਦਾ, ਜੇ ਕਰ ਉਸ ਅਫ਼ਸਾਨੇ ਵਿੱਚ

ਕੰਨੀਂ ਮੇਰੇ ਪੈਣ ਅਵਾਜ਼ਾਂ, ਕਿਸ ਨੇ ਮੈਨੂੰ ਸੱਦਿਆ ?

ਕੌਣ ਇਹ ਲੋਕ ਗਵਾਚੇ ਹੋਏ, ਲੱਭਦਾ ਫਿਰੇ ਵੀਰਾਨੇ ਵਿੱਚ ?

ਚਾਰੇ ਕੁੰਟਾਂ ਗੂੰਜ ਰਹੀਆਂ ਨੇ, ਰਿੰਦਾਂ ਦੇ ਹੰਗਾਮੇ ਨਾਲ,

ਕੀਤਾ ਫੇਰ ਧਰੋਹ ਹੈ ਕੋਈ, ਸਾਕੀ ਨੇ ਮੈਖ਼ਾਨੇ ਵਿੱਚ

ਘੁੱਪ-ਹਨ੍ਹੇਰਾ ਆਲ-ਦੁਆਲੇ, ਰਾਹ ਵੀ ਕੋਈ ਸੁੱਝਦਾ ਨਾ,

ਫ਼ਾਥਾ ਕਿੰਜ ਕੁਚੱਜਾ ਹਾਂ ਮੈਂ, ਜ਼ਾਤ ਦੇ ਬੰਦੀ-ਖ਼ਾਨੇ ਵਿੱਚ

📝 ਸੋਧ ਲਈ ਭੇਜੋ