ਦਰੀਦਾ ਜਿਸਮ ਖੰਡਰ ਹੋ ਗਿਆ ਹੈ।
ਸ਼ਹਿਰ ਦਾ ਸ਼ਹਿਰ ਬੇਘਰ ਹੋ ਗਿਆ ਹੈ।
ਭਲਾ ਇਹ ਨੂਰ ਹੈ ਕਿ ਨਾਰ ਹੈ ਇਹ,
ਮੇਰਾ ਸਾਇਆ ਮੁਨੱਵਰ ਹੋ ਗਿਆ ਹੈ।
ਇਹ ਮੇਰੇ ਦਰਦ ਦੀ ਆਸੂਦਗੀ ਹੈ,
ਕਿ ਮੇਰਾ ਹਾਲ ਬਿਹਤਰ ਹੋ ਗਿਆ ਹੈ।
ਗ਼ਮਾਂ ਦੀ ਤੇਜ ਬਾਰਿਸ਼ ਦਾ ਅਸਰ ਹੈ,
ਚਮਨ ਦਿਲ ਦਾ ਮੁਅੱਤਰ ਹੋ ਗਿਆ ਹੈ।
ਸਿਤਾਰੇ ਜ਼ਰਦ ਹੁੰਦੇ ਜਾ ਰਹੇ ਨੇ,
ਹਨੇਰਾ ਸਬਜ਼ ਚਾਦਰ ਹੋ ਗਿਆ ਹੈ।
ਕਈ ਇਲਜ਼ਾਮ ਧਿਰ ਤੇ ਆ ਗਏ ਤਾਂ
ਚੰਨ ਸੂਰਜ ਬਰਾਬਰ ਹੋ ਗਿਆ ਹੈ।
ਬਹੁਤ ਮੁਸ਼ਕਿਲ ਹੈ ਗਿਰ ਗਿਰ ਕੇ ਸੰਭਲਣਾ,
ਮਗਰ ਦਿਲ ਗੋਲ ਪੱਥਰ ਹੋ ਗਿਆ ਹੈ।