ਦਰਿਆ ਵੀ ਵਗਦਾ ਸੀ ਰਿਹਾ, ਗੱਲਾਂ ਦੇ ਨਾਲ ਨਾਲ।
ਆਪਾਂ ਵੀ ਸਾਂ ਡੁੱਬੇ, ਤਰੇ ਛੱਲਾਂ ਦੇ ਨਾਲ ਨਾਲ।
ਸੰਕੋਚ ਉਧਰ ਵੀ ਸੀ, ਏਧਰ ਵੀ ਸੀ ਜ਼ਾਬਤਾ,
ਇਕ ਫ਼ਾਸਲਾ ਬਣਿਆ ਰਿਹਾ, ਬੁੱਲਾਂ ਦੇ ਨਾਲ ਨਾਲ।
ਸ਼ਬਨਮ ਤੇ ਬੂਟੇ ਖੇਡਦੇ ਸੀ ਥੋੜੀ ਵਿੱਥ ਤੇ,
ਇਕ ਮਹਿਕ ਉੱਡਦੀ ਰਹੀ, ਫੁੱਲਾਂ ਦੇ ਨਾਲ ਨਾਲ।
ਜੇ ਮੈਂ ਕਹੀ ਤੂੰ ਨਾ ਸੁਣੀ, ਜੋ ਤੂੰ ਕਹੀ ਮੈਂ ਨਾ ਸੁਣੀ,
ਕੁਛ ਕੁਛ ਸੀ ਵਧੀਆ ਹੋ ਗਿਆ ਭੁੱਲਾਂ ਦੇ ਨਾਲ ਨਾਲ।
ਸੱਚਾ ਜਿਹਾ ਸੀ ਝੂਠ ਇਕ ਤੇਰਾ ਮਿਰਾ ਜ਼ਿਕਰ,
ਬਿੜਕਾਂ ਵੀ ਜੁੜਕੇ ਬੈਠੀਆਂ ਬੁੱਲਾਂ ਦੇ ਨਾਲ ਨਾਲ।
ਭੜਕਣਗੇ ਦੰਗੇ ਸ਼ਹਿਰ ਵਿਚ, ਮੱਥਾ ਵੀ ਠਣਕਿਆ,
ਪੀਂਦੇ ਫੜੇ ਮੈਂ ‘ਪੰਡਿਤ ਜੀ’ ਮੁੱਲਾਂ ਦੇ ਨਾਲ ਨਾਲ।