ਸਾਡੇ ਸਫ਼ਰ ਹਮੇਸ਼ਾਂ ਦੇ,

ਫ਼ਜਰਾਂ ਦਾ ਗੀਤ ਸੁਣੇ

ਪੈ ਰਾਹ ਦਰਵੇਸ਼ਾਂ ਦੇ।

ਦੁਖ ਸਿਖਰ ਦੁਪਹਿਰਾਂ ਦੇ,

ਬਾਜ਼ਾਂ ਨੇ ਕੀ ਉੱਡਣਾ 

ਸਾਡੇ ਜਿਗਰੇ ਨੇ ਕਹਿਰਾਂ ਦੇ।

ਇਹਨਾਂ ਠੰਢੀਆਂ ਹਵਾਵਾਂ ਨੇ,

ਗੀਤਾਂ ਦੀ ਵਾਗ ਫੜੀ

ਸੋਹਣੇ ਵਗਦੇ ਝਨਾਵਾਂ ਨੇ।

ਉਸ ਸੂਰਜ ਕਿਨਾਰੇ ਵੇ,

ਸਿਦਕਾਂ ਦੀ ਬਾਤ ਛਿੜੀ

ਅਸੀਂ ਨਜ਼ਰਾਂ ਤੋਂ ਹਾਰੇ ਵੇ।

ਗੱਲ ਆਖੀ ਪੁਰਾਣੀ ਨੇ,

ਲੰਮੀਆਂ ਖਜੂਰਾਂ ਨੂੰ

ਡੂੰਘੇ ਅਰਬਾਂ ਦੇ ਪਾਣੀ ਨੇ।

ਗ਼ਮਖ਼ਾਰ ਪਿਆਰੇ ਵੋ,

ਤਾਰਿਆਂ ਨੂੰ ਵਾਜ ਪਈ

ਰੋਂਦੇ ਹਿਜਰਾਂ ਦੇ ਮਾਰੇ ਵੋ।

ਕਿੱਥੇ ਵਸਲ-ਟਿਕਾਣੇ ਨੇ, 

ਮਿੱਟੀ ਦੇ ਵਿਚ ਕਬਰਾਂ

ਸਾਡੇ ਭੇਦ ਪੁਰਾਣੇ ਨੇ।

ਗੱਲ ਤੋਰ ਬਹਾਰਾਂ ਦੀ, 

ਇਹ ਕੰਢੜੇ ਸਤਲੁੱਜ ਦੇ

ਜਿੰਦ ਸ਼ਾਹ ਸਰਦਾਰਾਂ ਦੀ।

ਲੰਮੇ ਦਾਅਵੇ ਉਮੀਦਾਂ ਦੇ, 

ਚੁੰਮ੍ਹ ਦਰਿਆ ਲੰਘਦੇ

ਸੋਹਣੇ ਬਾਗ਼ ਸ਼ਹੀਦਾਂ ਦੇ।

ਵੱਡੇ ਵਖਤ ਅਖੀਰਾਂ ਦੇ, 

ਗੰਢੜੀ ਗੁਨਾਹਾਂ ਵਾਲੜੀ 

ਦਰ ਸੁੱਟ ਦੇ ਫਕੀਰਾਂ ਦੇ।

📝 ਸੋਧ ਲਈ ਭੇਜੋ