ਦਰਿਆ ਉਸ ਮਿੱਟੀ ਵਿੱਚ
ਵਿਅਰਥ ਵਗਦਾ ਰਿਹਾ
ਜਿੱਥੇ ਉਸਦੀ ਜ਼ਰੂਰਤ ਨਹੀਂ ਸੀ
ਧਰਤੀ ਉਸਨੂੰ ਆਪਣੇ ਪਿੰਡੇ ਨਾਲੋਂ
ਲਾਹ ਲਾਹ ਕੇ ਸੁੱਟਦੀ
ਤੇ ਦੂਰ ਬੰਜਰ ਜ਼ਮੀਨਾਂ
ਉਸਦੀ ਇੱਕ ਛੋਹ ਲਈ ਤੜਪਦੀਆਂ
ਧਰਤੀ ਨੇ ਪਰ ਦਰਿਆ ਨੂੰ
ਕਿਨਾਰਿਆਂ ’ਚ ਸੜਨ ਦੀ ਸਹੁੰ ਦਿੱਤੀ
ਉਸਦੇ ਪੈਰਾਂ ਮੂਹਰੇ ਖਿੱਚੀਆਂ
ਲਛਮਣ ਰੇਖਾਵਾਂ
ਤੇ ਆਖਿਆ-
ਇਹਨਾਂ ਤੋਂ ਪਾਰ ਨਹੀਂ ਵਗਣਾ
ਦਰਿਆ ਆਪਣੀ ਨੈਤਿਕਤਾ ਦੇ
ਦਾਇਰਿਆਂ ’ਚ ਘਿਰਿਆ
ਹੌਲੀ ਹੌਲੀ
ਦਰਿਆ ਤੋਂ ਝੀਲ ਬਣ ਰਿਹਾ
ਤੇ ਦੂਰ ਬੰਜਰ ਜ਼ਮੀਨਾਂ
ਉਸਦੀ ਇੱਕ ਛੋਹ ਲਈ
ਤੜਪਦੀਆਂ।