ਦਰਿਆ ਕਾਹਦਾ ਏਂ

ਦਰਿਆ ਕਾਹਦਾ ਏਂ

ਏਨਾ ਸ਼ਾਂਤ ਸੁਭਾਅ!

ਜੇ ਵੱਖ ਹੋਇਆਂ ਏਂ

ਵਜੂਦ ਤਾਂ ਵਿਖਾ

ਸੀਨਾ ਤਾਂ ਸਿਖ ਚੌੜਾ ਕਰਨਾ

ਟੋਰ ਅਣਖੀਲੀ ਤਾਂ ਹੋਵੇ

ਰਾਹ ਬਨਾਉਣੇ ਨੇ

ਨਦੀਆਂ ਵਿਛਾਉਣੀਆਂ ਨੇ

ਖਹਿ ਕੇ ਚੱਲ ਕਿਨਾਰਿਆਂ ਨਾਲ

ਕੁੱਦ ਉੱਛਲ ਤਾਂ ਸਈ ਕਦੇ

ਗੋਲ ਕਰਕੇ ਆਏ ਖਿਡਾਰੀ ਵਾਂਗ

ਚੌਕਾ ਛਿੱਕਾ ਲੱਗੇ ਨਜ਼ਾਰੇ ਵਰਗਾ ਤਾਂ ਹੋ

ਜਿੱਤੇ ਗੋਲਡ ਮੈਡਲ ਵਾਂਗ ਤਾਂ ਵਿਖਾ ਟੁਰ ਕੇ

ਫੁੱਟਬਾਲ ਦੀ ਕਿੱਕ ਤਾਂ ਮਾਰ ਜਰਾ ਉੱਚੀ

ਅੰਬਰ ਤਾਂ ਛੁਹ

ਸੋਹਣੀ ਜੇਹੀ ਦਿੱਲਕਸ਼

ਪੇਟਿੰਗ ਤਾਂ ਬਣਾ ਕੋਰੀ ਕੁਆਰੀ

ਕੈਨਵਸ ਦੀ ਉੱਭਰੀ ਛਾਤੀ 'ਤੇ

ਬਣ ਫਬ ਕੇ ਤਾਂ ਨਿੱਕਲ ਕਦੇ

ਨਵ ਵਿਆਹੀ ਸਵੇਰ ਵਾਂਗ

ਉਹ ਦਰਿਆ ਹੀ ਕੀ

ਜਿਸ ਦਾ ਦਿਲ ਟੋਹਿਆਂ ਹੀ ਲੱਭੇ

ਇਹੋ ਜੇਹੇ ਪਾਣੀਆਂ ਦੀਆਂ ਬੇਬਸ ਲਹਿਰਾਂ

ਰੂਹਾਂ ਪੂਜਣ ਤਾਂ ਕਿੱਥੇ

ਚਾਅ ਸਜਾਉਣ ਤਾਂ ਕਿਹੜੀ ਗਲੀ

ਜੇ ਨਹੀਂ ਮਟਕ ਪੱਬੀਂ

ਤਾਂ ਘਰਾਂ ਨੂੰ ਮੁੜ ਜਾਇਓ

ਜੂਝਣ ਦਾ ਨਹੀਂ ਚਾਅ

ਤਾਂ 'ਨੰਦਪੁਰ ਦਾ ਰਾਹ ਨਾ ਪੁੱਛਿਓ

ਨੀਵਾਣਾਂ ਵੱਲ ਵਹਿਨਾਂ ਏਂ

ਸਿਰ ਤਾਂ ਉੱਚਾ ਰੱਖ

ਭੀੜ 'ਚ ਨਹੀਂ ਵੜੀਦਾ

ਸੂਰਜ ਵਾਂਗ ਖਿੜ ਖਿੜ ਹੱਸ

📝 ਸੋਧ ਲਈ ਭੇਜੋ