ਦੱਸ ਮੈਂ ਕੀ ਕਰਾਂ

ਹਰ ਪਲ ਤੇਰੀ ਯਾਦ ਸਤਾਵੇ

ਸੱਪਾਂ ਵਾਂਗੂੰ ਡੰਗ ਡੰਗ ਜਾਵੇ

ਰਾਤਾਂ ਨੂੰ ਨੀਦਾਂ ਵਿੱਚ ਆਵੇਂ

ਨਿੱਤ ਨਵੇਂ ਸੁਪਨੇ ਦਿਖਲਾਵੇਂ

ਦੱਸ ਮੈਂ ਕੀ ਕਰਾਂ........

ਜਦ ਕੋਈ ਬੋਲੇ ਮਿੱਠੇ ਬੋਲ

ਤੂੰ ਜਾਪੇਂ ਮੈਨੂੰ ਮੇਰੇ ਕੋਲ

ਸਰਸਰ ਪੱਤਿਆਂ ਦੀ ਇਉਂ ਜਾਣੀ

ਜਿਉਂ ਆਵੇ ਯਾਦਾਂ ਦੀ ਢਾਣੀ

ਦੱਸ ਮੈਂ ਕੀ ਕਰਾਂ.........

ਅਸਮਾਨਾਂ ਵਿੱਚ ਪੰਛੀ ਸੁਹਣੇ

ਭਰਨ ਉਡਾਰੀ ਨੇ ਮਨਮੋਹਣੇ

ਪਰ ਯਾਦਾਂ ਦੀ ਹੂਕ ਸਤਾਵੇ

ਵਿੱਚ ਕਲੇਜੇ ਧੂਹ ਜਿਹੀ ਪਾਵੇ

ਦੱਸ ਮੈਂ ਕੀ ਕਰਾਂ........

ਪਤਝੜ ਬਾਅਦ ਬਹਾਰ ਹੈ ਆਈ

ਰੁੱਤ ਜੋਬਨ ਲਈ ਅੰਗੜਾਈ

ਹਰ ਕੋਈ ਮਸਤ ਝੂਮੇ ਤੇ ਗਾਵੇ

ਪਰ ਤੇਰੇ ਬਾਜੋਂ ਚੈਨ ਨਾ ਆਵੇ

ਦੱਸ ਮੈਂ ਕੀ ਕਰਾਂ...........

ਬਿਰਹਾ ਮਾਰੀ ਨਾ ਜੀ ਸਕਾਂ ਮੈਂ

ਮਾਹੀ ਬਿਨ ਦੱਸ ਕੀ ਕਰਾਂ ਮੈਂ

‘ਉੱਪਲ’ ਆਖੇ ਮੁੜ ਘਰ ਜਾ

ਇਸ ਤਤੜੀ ਨੂੰ ਸੀਨੇ ਲਾ ਜਾ

ਦੱਸ ਮੈਂ ਕੀ ਕਰਾਂ.....

📝 ਸੋਧ ਲਈ ਭੇਜੋ