ਜਾਣਦੀ ਬੁੱਝਦੀ
ਦੱਸ ਕਿਉਂ ਐਵੇਂ
ਪਰਛਾਵੇਂ ਦੇ ਪਿੱਛੇ ਭੱਜਦੀ
ਏਹ ਜੋ
ਤੇਰੇ ਸਾਹਵੇਂ ਵਿਛਿਆ
ਦਿਸਦਾ ਸੁੰਦਰ ਨੀਰ ਜਿਹਾ ਹੈ
ਰੇਗਿਸਤਾਨ ਦੇ ਵਿੱਚ ਚਮਕਦਾ
ਤੈਨੂੰ ਲੁਭਾਵੇ
ਮੋੜ ਲਿਆਵੇ
ਪਾਣੀ ਨਹੀਂ ਹੈ
ਪਾਣੀ ਦਾ ਪਰਛਾਵਾਂ ਹੈ ਬਸ
ਕਿਉਂ ਤੂੰ ਪਿਆਸੀ
ਰੇਤ ਥਲਾਂ ਵਿੱਚ ਭੱਜੀ ਫਿਰਦੀ
ਪਾਣੀ ਦਾ ਪਰਛਾਵਾਂ ਫੜਦੀ
ਪਰਛਾਵੇਂ ਕਦੇ ਵੀ
ਹੱਥਾਂ ਵਿੱਚ ਨਾ ਆਉਂਦੇ
ਜਾਣਦਾ ਹਾਂ ਮੈਂ
ਤੇਰੀ ਤੜਪ ਬਹੁਤ ਹੀ ਸੁੱਚੀ
ਪਾਕ ਪਵਿਤਰ ਉੱਚੀ ਉੱਚੀ
ਪਰ ਮੈਂ ਆਪਣੇ ਬਾਰੇ ਜਾਣਾ
ਮੈਂ ਤਾਂ ਹਾਂ
ਸਿਰਫ਼ ਪਰਛਾਵਾਂ
ਇੱਕ ਪਲ ਹਾਂ ਤੇ
ਦੂਜੇ ਨਾਹੀਂ
ਬੈਠਾ ਇੱਥੇ
ਫਿਰਾਂ ਕਤਾਹੀਂ
ਕਿਉਂ ਤੂੰ ਐਵੇਂ
ਪਰਛਾਵੇਂ ਦੇ ਪਿੱਛੇ ਭੱਜਦੀ....
ਪਰਛਾਵਾਂ ਫੜਿਆ ਨਾ ਜਾਂਦਾ
ਪਰਛਾਵੇਂ ’ਨਾ ਲੜਿਆ ਨਾ ਜਾਂਦਾ
ਪਰਛਾਵਾਂ ਘੜਿਆ ਨਾ ਜਾਂਦਾ
ਇੱਕ ਪਲ ਹਾਂ
ਤੇ ਦੂਜੇ ਨਾਹੀਂ
ਬੈਠਾ ਇੱਥੇ
ਫਿਰਾਂ ਕਤਾਹੀਂ
ਜਾਣਦੀ ਬੁੱਝਦੀ
ਦੱਸ ਕਿਉਂ ਐਵੇਂ
ਪਰਛਾਵੇਂ ਦੇ
ਪਿੱਛੇ ਭੱਜਦੀ.....।