ਦਸਤਕ ਨਾ ਦੇਵੋ

ਮੇਰੇ ਦਰਵਾਜ਼ੇ ਤੇ ਦਸਤਕ ਨਾ ਦੇਵੋ 

ਮੈਂ ਦਸਤਕ ਸੁਣ ਕੇ ਬਾਹਰ ਚਲਾ ਜਾਵਾਂਗਾ

ਦਸਤਕ ਕੀ ਆਉਂਦੀ ਹੈ 

ਸੰਵਰੇ ਮੁਖ-ਮੰਡਲ ਤੋਂ 

ਹਾਸੇ ਦੀ ਆਬਸ਼ਾਰ ਡੁਲ੍ਹਦੀ ਹੈ 

ਉੱਜਲ, ਨਿਰਮੈਲ, ਸ਼ੁੱਧ

ਇਸ ਵਿਚ ਮਾਨਵਤਾ ਦਾ ਕੋਈ ਵੀ ਦਾਗ਼ ਨਹੀਂ 

ਇਸ ਨੂੰ ਸੁਣ ਕੇ ਮਨ ਸਾਵਧਾਨ ਹੋ ਜਾਂਦੈ 

ਮੈਨੂੰ ਸਾਵਧਾਨ ਕਿਉਂ ਕਰਦੇ ਹੋ

ਫਿਰ ਸੱਚ ਨਹੀਂ ਮੈਂ ਸਭਿਅ ਬਾਤ ਪਾਵਾਂਗਾ

ਆਉ ਜੇ ਆਏ ਹੋ

ਜੀ ਆਇਆਂ ਕਹਿਣ ਲਈ ਮੈਂ ਨੈਣ ਬੁਝਾਏ ਨੇ 

ਚਾਨਣ ਗੁਲ ਕੀਤਾ ਹੈ

ਚਾਨਣ ਕਿਉਂ ਮੰਗਦੇ ਹੋ

ਚਾਨਣ ਵਿਚ ਨੀਤ ਫੜੀ ਜਾਂਦੀ ਹੈ

ਨ੍ਹੇਰੇ ਵਿਚ ਨਿੱਘ ਬੜਾ ਹੈ

ਨ੍ਹੇਰੇ ਵਿਚ ਹਰ ਉਮਰਾ ਹੈ ਜੋਬਨਵੰਤੀ 

ਚਾਨਣ ਕਿਉਂ ਮੰਗਦੇ ਹੋ

ਮਿਠਬੋਲ ਤੁਹਾਡੇ ਦੀ ਉਂਗਲੀ ਨੂੰ ਫੜ ਕੇ ਮੈਂ 

ਜਿਸ ਰਾਹੇ ਚਾਹੋਗੇ ਤੁਰਿਆ ਹੀ ਜਾਵਾਂਗਾ 

ਕੁਝ ਉਮਰ ਵਡੇਰੀ ਹੈ

ਪਰ ਬੀਬਾ ਰਾਣਾ ਹਾਂ

ਨ੍ਹੇਰੇ ਦੀ ਚਾਦਰ ਤੇ ਕਿਰਨੀਲੇ ਬੋਲਾਂ ਸੰਗ 

ਮੈਂ ਸੋਹਣਾ ਸੂਹਾ ਚਿਤ੍ਰ ਉਲੀਕਾਂਗਾ

ਉਸ ਮੂਰਤ ਸਾਹਵੇਂ ਫਿਰ ਮੈਂ ਆਪਣਾ ਆਪ ਚੜ੍ਹਾਵਾਂਗਾ

ਮੇਰੇ ਦਰਵਾਜ਼ੇ ਤੇ ਦਸਤਕ ਨਾ ਦੇਵੋ

ਮੈਂ ਦਸਤਕ ਸੁਣ ਕੇ ਬਾਹਰ ਚਲਾ ਜਾਵਾਂਗਾ

📝 ਸੋਧ ਲਈ ਭੇਜੋ