ਦਸਤੂਰ ਨੂੰ ਪਾਵਾਂ ਵਾਸਤੇ

ਕਰੇ ਕੋਈ, ਮਰੇ ਕੋਈ, ਜਰੇ ਕੋਈ।

 ਤੇਰੇ ਦਸਤੂਰ ਨੂੰ, ਪਾਵਾਂ ਨਿੱਤ ਵਾਸਤੇ।

 ਧੀਆਂ ਦੀ ਕਿਸਮਤ ਲਿਖਣ ਵਾਲ਼ਿਆ।

 ਮਨਜੂਰ ਨਹੀਂ ਮੈਨੂੰ, ਤੇਰੇ ਲਿਖੇ ਜ਼ਾਬਤੇ।

 ਨਸ਼ਾ ਕਰ ਮੌਤ ਦੀ ਘੋੜੀ, ਚੜ੍ਹਦੇ ਡਿੱਠੇ ਮੈਂ।

 ਮਹਿਲ ਜ਼ਮੀਨਾਂ ਸਾਂਭਣ, ਸਾਰੇ ਵਾਰਸ ਬਣ।

 ਮਾਂ ਨਾ ਪਾਵੇ, ਭੈਣ ਨਾ ਪਾਵੇ, ਧੀ ਨਾ ਪਾਵੇ

 ਕਿਉਂ ਪਾਵਾਂ ਮਰਨ ’ਤੇ ਕੱਲੀ, ਲੀੜੇ ਚਿੱਟੇ ਮੈਂ।

 ਧਨ ਬੇਗਾਨਾ, ਜਾਈ ਬੇਗਾਨੀ, ਕਹਿ ਕੇ ਦੇਂਦੇ ਝੋਕ।

 ਮਾੜਾ ਖ਼ਸਮ ਜੇ ਮਿਲਜੇ, ਝਾਕਣ ਔਰਤ ਲੋਕ।

 ਮੇਰੇ ਮਰਨ ਤੇ ਖੱਫਣ ਜੇ, ਫਿਰ ਪੇਕਿਆਂ ਪਾਉਣਾ।

 ਤੇਰਾ ਇਹ ਦਸਤੂਰ ਰੱਬਾ, ਸਰਬ ਦੇ ਮਨ ਨਾ ਭਾਉਣਾ।

 ਤੂੰ ਇਹ ਦੱਸ, ਕਿਸ ਦਾ ਹੱਥ, ਜਦ ਰਿਵਾਜ ਬਣੇ।

 ਲਾਹ ਕੇ ਲਾਲ, ਚਿੱਟੇ ਪੁਆ, ਤੇ ਹਾਸੇ ਰੋਕ ਦੇਣੇ।

 ਕਿਸ ਗਵਾਹ, ਦਿੱਤੀ ਸਲਾਹ, ਕਿ ਤੋੜੋ ਖ਼ਾਬ।

 ਜ਼ਿੰਦਗੀ ਮੇਰੀ, ਅਸੂਲ ਕਿਉਂ ਤੇਰੇ, ਮੰਗਾਂ ਜਵਾਬ।

 ਕਿ ਕਿਉਂ,

 ਕਰੇ ਕੋਈ, ਮਰੇ ਕੋਈ, ਜਰੇ ਕੋਈ।

 ਤੇਰੇ ਦਸਤੂਰ ਨੂੰ, ਮੰਨਾਂ ਮੈਂ ਕਿਸ ਵਾਸਤੇ।

 ਧੀਆਂ ਦੀ ਕਿਸਮਤ ਲਿਖਣ ਵਾਲ਼ਿਆ।

 ਨਾਮਨਜ਼ੂਰ ਸਾਨੂੰ, ਤੇਰੇ ਲਿਖੇ ਜ਼ਾਬਤੇ।

📝 ਸੋਧ ਲਈ ਭੇਜੋ