ਦਾਤਾ ਬਖਸ਼ੋ ਅਵਗੁਣ ਮੇਰੇ

ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ॥

ਮੈਂ ਖਿਣ-ਖਿਣ ਭੁੱਲਣਹਾਰਾ, ਤੂੰ ਹੈ ਬਖਸ਼ਣਹਾਰ ਦੁਤਾਰਾ

ਤੇਰਾ ਬੈਠੇ ਮੱਲ ਦੁਵਾਰਾ, ਰਹਿਮਤ ਝੋਲੀ ਪਾਓ ਜੀ॥

ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ॥

ਮੈਂ ਤਾਂ ਮੂਰਖ ਹਾਂ ਅਗਿਆਨੀ, ਤੇਰੇ ਜਿਹਾ ਨਾ ਕੋਈ ਗਿਆਨੀ

ਦੇ ਕੇ ਅਕਲਾਂ ਦਿਲਬਰ ਜਾਨੀ, ਗਿਆਨ ਦਾ ਦੀਪ ਜਗਾਓ ਜੀ॥

ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ।

ਕਿੰਨ੍ਹੇ ਠੱਗ ਚੋਰ ਬੁਰਿਆਰੇ, ਸਭ ਤੂੰ ਚਰਨੀ ਲਾ ਕੇ ਤਾਰੇ

ਸਾਈਆਂ ਕਰਦੋ ਵਾਰੇ ਨਿਆਰੇ, ਅਸਾਂ ਤੇ ਰਹਿਮ ਕਮਾਓ ਜੀ॥

ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ।

ਤੁਸੀਂ ਪਾਤਿਸ਼ਾਹ ਕਰਮ ਕਮਾਵੋ, ਮੇਰੇ ਸੁੱਤੇ ਭਾਗ ਜਗਾਵੋ

ਇੱਕੋ ਨਜ਼ਰ ਮੇਹਰ ਦੀ ਪਾਵੋ, ਕਾਗ਼ੋ ਹੰਸ ਬਣਾਓ ਜੀ॥

ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ।

ਨਈ ਵੱਲ੍ਹ ਮੰਗਣ ਦਾ ਆਉਦਾ, ਤੂੰ ਤਾਂ ਜਾਣੀ ਜਾਣ ਕਹਾਉਦਾ

“ਸੱਤਾ” ਤੇਰੀ ਉਪਮਾਂ ਗਾਉਦਾ, ਸੋਹਣੇ ਛੰਦ ਲਿਖਾਓ ਜੀ॥

ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ।

📝 ਸੋਧ ਲਈ ਭੇਜੋ