ਦੀਨ ਤੇ ਈਮਾਨ ਮੇਰਾ

ਦੀਨ ਤੇ ਈਮਾਨ ਮੇਰਾ ਸੋਹਣੇ ਨੇ ਲੁਟਿਆ ਹਾਏ

ਸੀਨੇ ਤੇ ਤੀਰ ਖ਼ੂਨੀ ਨੈਣਾਂ ਦਾ ਛੁਟਿਆ ਹਾਏ

ਸੋਹਣਿਆ ਤੂੰ ਨਾ ਕਰ ਜ਼ੋਰੀ, ਬਰਛੀ ਤੈਂ ਮਾਰੀ ਚੋਰੀ,

ਨਾਜ਼ਕ ਸੀ ਦਿਲ ਦਾ ਸ਼ੀਸ਼ਾ ਜ਼ਰਬਾਂ ਨਾਲ ਫਟਿਆ ਹਾਏ

ਆਸਾਂ ਦੀ ਕਟਕੇ ਡੋਰੀ, ਮੁਦਤਾਂ ਦੀ ਲਗੀ ਹੋਈ ਤੋੜੀ,

ਦੁਖਾਂ ਨਾਲ ਪਾਲਿਆ ਬੂਟਾ ਨੈਣਾਂ ਨੇ ਪਟਿਆ ਹਾਏ

ਚਸ਼ਮਾਂ ਨੇ ਕਰਕੇ ਕਾਰੀ, ਸੀਨੇ ਤੇ ਬਰਛੀ ਮਾਰੀ,

ਜ਼ੁਲਫ਼ਾਂ ਨੇ ਸੰਗਲ ਪਾਕੇ ਮਿਰਗਾਂ ਨੂੰ ਜੁਟਿਆ ਹਾਏ

ਸੋਹਣਿਆਂ ਛਡਦੇ ਬੇਪ੍ਰਵਾਹੀਆਂ, ਆਸ਼ਕ ਨਾਲ ਨਾਜ਼ ਅਦਾਈਆਂ,

ਨਖ਼ਰੇ ਦੀ ਛੁਰੀ ਚਲਾ ਕੇ ਜ਼ਖਮੀ ਕਰ ਸੁਟਿਆ ਹਾਏ

ਹਸ਼ਮਤ ਨੂੰ ਛਡ ਤੜਫੌਣਾ, ਮੁੜਕੇ ਨਹੀਂ ਜਗ ਤੇ ਔਣਾ,

ਪੰਛੀ ਇਹ ਰੂਹ ਦਾ ਜਿਸ ਦਮ ਪਿੰਜਰੇ ਚੋਂ ਛੁਟਿਆ ਹਾਏ

📝 ਸੋਧ ਲਈ ਭੇਜੋ