ਮਾਂ ਦੀਪੋ ਦੀ ਖ਼ਫਾ-ਚਿੱਤ ਹੋਈ
ਦੀਪੋ ਦਿਆਂ ਲੱਛਣਾਂ ਤੇ
ਕਹਿੰਦੀ, ਕਹਿੰਦੀ,
ਪਗ ਸਾਰੇ ਖਾਨਦਾਨ ਦੀ ਦਿੱਸੇ ਢਹਿੰਦੀ।
ਕੋਲ ਪਤੀ ਦੇ ਬੈਠ ਕੇ ਬੋਲੀ
ਗਲ ਵਿਚੋਂ ਲਾਹ ਦਈਏ
ਫਾਹਾ, ਫਾਹਾ
ਅਗਲੇ ਦੀ ਪੁੰਨਿਆਂ ਦਾ ਪਰ ਸਾਹਾ।
ਵੀਰ ਤੇਜੂ ਦੇ ਸਲਾਹਾਂ ਕਰਦੇ
ਤੇਜੂ ਅਲੱਥ ਹੋ ਗਿਆ
ਡਾਹਡਾ, ਡਾਹਡਾ
ਝੁੱਗਾ ਤਾਂ ਉਜਾੜ ਸੁੱਟਣਾ ਏਨ ਸਾਡਾ।
ਪੈਲੀ ਰੋਹੀ ਦੀ ਤੇਜੂ ਦੀ ਵੰਡ ਆਈ
ਜਦ ਉਹਨੂੰ ਅੱਡ ਕਰ ਤਾ
ਵੀਰਾਂ, ਵੀਰਾਂ
ਗਭਰੂ ਮਲੰਗ ਹੋ ਗਿਆ ਗਲ ਲੀਰਾਂ
ਦੋਹਾਂ ਰਲ ਕੇ ਦਲੀਲ ਦੁੜਾਈ
ਤੇਜੂ ਆਖੇ ਦੀਪੋ ਨੂੰ
ਬੱਲੀਏ, ਬੱਲੀਏ
ਏਥੇ ਹੁਣ ਵੱਸ ਨਾ ਚਲੇ ਨੱਸ ਚਲੀਏ।
ਚੰਦ ਹੋਇਆ ਜਦ ਕਿੱਕਰਾਂ ਉਹਲੇ
ਹਵੇਲੀ ਵਾਲਾ ਬੂਹਾ ਖੜਕੇ
ਤੇਜੂ, ਤੇਜੂ
ਰੱਬ ਤੈਨੂੰ ਅੱਜ ਵੇਖੀਏ ਕਿੱਥੇ ਭੇਜੂ
ਪਿੰਡੋਂ ਨਿਕਲੇ ਤਾਂ ਟੁੱਟਿਆ ਤਾਰਾ
ਤੇਜੂ ਗਲ ਦੀਪੋ ਲੱਗ ਗਈ,
ਡਰਦੀ, ਡਰਦੀ
ਅਜ ਰੱਬ ਖ਼ੈਰ ਕਰੇ ਅੱਖ ਫਰਦੀ।
ਗੱਡੀ ਫੜਨੀ ਅੰਬਰਸਰ ਜਾ ਕੇ
ਨ੍ਹੇਰੇ ਨ੍ਹੇਰੇ ਵਾਟ ਮੁੱਕ ਜਾਏ
ਸੱਜਣਾ, ਸੱਜਣਾ
ਪਿੰਡ ਵਿਚ ਦਿਨ ਚੜ੍ਹਦੇ ਢੋਲ ਵੱਜਣਾ
ਅੱਗੋਂ ਰਾਹ 'ਚ ਗੰਡਾਸੀ ਲਿਸ਼ਕੀ
ਤੇ ਬਿਜਲੀ ਦੇ ਵਾਂਗ ਬਰਛੀ
ਚਮਕੀ, ਚਮਕੀ
ਗਹਿਣਾ ਗੱਟਾ ਹੱਥੀਂ ਲੈ ਲਿਆ ਦੇ ਧਮਕੀ
ਤੇਜੂ ਵੱਢ ਕੇ ਨਦੀ ਵਿਚ ਰੋਹੜਿਆ
ਦੀਪੋ ਨੂੰ ਨਾਲ ਲੈ ਗਏ
ਫੜ ਕੇ, ਫੜ ਕੇ
ਤੇ ਚੋਰਾਂ ਨੂੰ ਮੋਰ ਪੈ ਗਏ ਪਹਿਰ ਤੜਕੇ ।