ਦੀਵੇ ਬਾਲ ਬਾਲ਼ ਕੇ ਧਰੀਏ

ਚਲੋ  ਹਨ੍ਹੇਰੇ ਦਿਲਾਂ ਦੇ  ਅੰਦਰ  ਦੀਵੇ ਬਾਲ  ਬਾਲ਼ ਕੇ ਧਰੀਏ ।

ਖੰਡਰ ਬੰਦਿਆਂ ਦੇ ਹਿਰਦੇ ਨੂੰ ਮੁੜ ਕੇ ਰੌਸ਼ਨ ਕਰੀਏ ।

ਨਾ ਕੋਈ ਉੱਚਾ ਨਾ ਕੋਈ ਨੀਵਾਂ  ਕੁਦਰਤ ਦੇ ਸਭ ਬੰਦੇ,

ਖੁਸ਼ੀਆਂ ਨੂੰ ਵੀ  ਮਾਣੀਏ 'ਕੱਠੇ  ਦੁੱਖ  ਵੀ  ਰਲ਼ ਕੇ  ਜਰੀਏ ।

ਜੇ-ਕਰ ਹੁਣ ਨਾ ਚਾਨਣ ਹੋਇਆ ਮਰ ਜਾਵਾਂਗੇ ਸਾਰੇ,

ਬਾਰ ਬਾਰ ਪਿਆ ਸਮਾਂ ਪੁਕਾਰੇ ਕੁਝ ਕਰੀਏ ਜਾਂ ਮਰੀਏ ।

ਸੂਰਜ ਚੰਨ ਸਿਤਾਰਿਆਂ ਵਾਂਗਰ ਰੌਸ਼ਨੀਆਂ ਕਰ ਸਕਦੇ,

ਵਾਂਗ ਜੁਗਨੂੰਆਂ ਟਿਮ ਟਿਮ ਕਰਕੇ ਰਾਹੀਂ ਚਾਨਣ ਕਰੀਏ ।

ਕਲਮਾਂ ਵਾਲਿਓ ਕਲਮਾਂ ਦੇ ਸੰਗ ਸ਼ਬਦੀ ਜੋਤ ਜਗਾਉ,

ਬਹੁਤ ਡਰੇ ਹਾਂ ਉਮਰਾ ਸਾਰੀ ਵਕਤ  ਅਖ਼ੀਰ ਨਾ ਡਰੀਏ ।

ਸਦੀਆਂ ਤੋਂ  ਇਤਿਹਾਸ  ਗਵਾਹ ਹੈ ਬੰਦੇ  ਆਦਮਖਾਣੇ, 

ਉਠ 'ਸੁਰਜੀਤ' ਜ਼ੁਲਮ ਦੀ ਅੱਗ ਤੇ ਮੀਂਹ ਬਣ ਵਾਛੜ ਵਰ੍ਹੀਏ।

📝 ਸੋਧ ਲਈ ਭੇਜੋ