ਕਬਰਾਂ ਉੱਤੇ ਦੀਵਾ ਜਲ਼ਿਆ

ਕਰਕੇ ਉੱਚੀ ਧੌਣ

ਦੇਖ ਕਬਰਾਂ ਸੁੰਨੀਆਂ

ਲੱਗਾ ਬਹਿ ਕੇ ਰੋਣ ।।

ਕਹੇ ਵਿਚ ਹਨ੍ਹੇਰੇ ਕੌਣ ਸੀ ਬੈਠਾ

ਕਿਸ ਲਈ ਮੈਨੂੰ ਜਗਾਇਆ।

ਪਾ ਕੇ ਤੇਲ ਪੂਰਾ ਭਰ ਕੇ

ਜੋਬਨ ਤੱਕ ਭਖਾਇਆ ।।

ਨਾ ਕੋਈ ਬੰਦਾ ਨਾ ਕੋਈ ਪੰਛੀ

ਕਿਸ ਨੂੰ ਮੈਂ ਰੁਸ਼ਨਾਵਾਂ

ਵਿਚ ਹਨ੍ਹੇਰੇ ਕੌਣ ਹੈ ਤੁਰਿਆ

ਜਿਸ ਨੂੰ ਰਾਹ ਦਿਖਾਵਾਂ ।।

ਕਬਰਾਂ ਵਿਚ ਸਾਰੇ ਸੁਤੇ

ਸੁਤੇ ਨੀਂਦਰ ਗੂੜ੍ਹੀ

ਕਿਹੜਾ ਹੈ ਜੋ ਰਾਤ ਨੂੰ ਜਾਗੂ

ਕਰਕੇ ਨੀਂਦਰ ਪੂਰੀ ।।

ਇਨੇ ਨੂੰ ਕੁਝ ਆਣ ਪਤੰਗੇ

ਉੱਡ ਉੱਡ ਘੇਰਾ ਪਾਇਆ

ਜਲਦੀ ਅੱਗ ਨੂੰ ਚੁੰਮਣ ਲਈ ਉਨ੍ਹਾਂ

ਆਪਣਾ ਆਪ ਜਲਾਇਆ ।।

ਦੇਖ ਪਤੰਗੇ ਮਰਦੇ ਦੀਵਾ

ਰੋਇਆ ਤੇ ਕੁਰਲਾਇਆ

ਇਸੇ ਦੁੱਖ ਵਿਚ ਜਲ਼ ਜਲ਼ ਦੀਵੇ

ਸਾਰਾ ਤੇਲ ਮੁਕਾਇਆ ।।

ਲੱਖਾਂ ਜਲ਼ ਗਏ ਲੱਖਾਂ ਮਰ ਗਏ

ਲੱਖਾਂ ਉੱਡ ਉੱਡ ਖੰਭ ਜਲ਼ਾਏ

ਆਖੇ ਦੀਵਾ ਕੌਣ ਤੁਸੀਂ ਹੋ

ਕਿਉਂ ਮੇਰੇ ਨੇੜੇ ਆਏ ।।

ਕਹੇ ਪਤੰਗੇ ਸੁਣ ਵੇ ਸੱਜਣਾ

ਸਾਡੀ ਜਨਮ ਜਨਮ ਦੀ ਪ੍ਰੀਤ

ਸਾੜ ਚਾਹੇ ਮਾਰ ਵੇ ਸੱਜਣਾ

ਤੂੰ ਹੈ ਸਾਡਾ ਮੀਤ ।।

ਛੱਡੀਆਂ ਸੇਜਾਂ ਸੁਖ ਦੀਆਂ ਅਸੀਂ

ਇਸ਼ਕ਼ ਤੇ ਪਹਿਰਾ ਲਾ ਕੇ

ਅਸੀਂ ਕਮਾਇਆ ਇਸ਼ਕ਼ ਵੇ ਸੱਜਣਾ

ਆਪਣਾ ਆਪ ਗਵਾਕੇ ।।

ਤੇਰੇ ਤੇ ਇਹ ਦਾਗ ਵੇ ਸੱਜਣਾ

ਤੂੰ ਰਮਜ ਇਸ਼ਕ਼ ਨਾ ਪਾਈ

ਸਾਡੇ ਜਲ਼ੇ ਤੇ ਦਾਗ ਨਾ ਕੋਈ

ਤੇਰੇ ਮੂੰਹ ਨੂੰ ਕਾਲਖ ਆਈ ।।

ਵਿਰਹਾ ਦੀ ਅੱਗ ਵਿਚ ਦੀਵਾ ਜਲ਼ਿਆ

ਜਲ਼ ਜਲ਼ ਕਮਲਾ ਹੋਇਆ

ਤਾਂ ਮਨ ਆਪਣਾ ਸਾੜ ਲਿਆ

ਨਾਲ ਬਲ਼ਦਾ ਬਲ਼ਦਾ ਰੋਇਆ ।।

ਕਹਿਣ ਲੱਗਾ ਮੈ ਜਗਿਆ ਸੀ

ਜੱਗ ਤੇ ਕਰਨ ਉਜਾਲਾ

ਕਰ ਕਰ ਪਾਪ ਜੱਗ ਤੇ ਮੈਂ

ਕਰ ਲਿਆ ਤਨ ਮਨ ਕਾਲਾ ।।

ਇਹ ਕਹਿ ਕੇ ਦੀਵਾ ਬੁੱਝ ਗਿਆ

ਚਾਰੇ ਪਾਸੇ ਹਨ੍ਹੇਰਾ ਹੋਇਆ

ਰਾਤਾਂ ਨੂੰ ਰੁਸ਼ਨਾਉਣ ਵਾਲਾ

ਹੁਣ ਵਿਚ ਹਨ੍ਹੇਰੇ ਖੋਇਆ ।।

📝 ਸੋਧ ਲਈ ਭੇਜੋ