ਦੀਵਾਰਾਂ 'ਚੋਂ ਦਰ ਕੱਢਣੇ ਨੇ

ਦੀਵਾਰਾਂ 'ਚੋਂ ਦਰ ਕੱਢਣੇ ਨੇ ।

ਦਰ ਕੱਢਣੇ ਮਰ ਮਰ ਕੱਢਣੇ ਨੇ।

ਜੋ ਰਸਤੇ ਮੰਜ਼ਲ ਤੇ ਪੁੱਜਣ,

ਉਹ ਰਸਤੇ ਆਖ਼ਰ ਕੱਢਣੇ ਨੇ ।

ਮਰ ਮਰ ਕੇ ਤਾਂ ਵੇਖ ਲਿਆ ਹੈ,

ਜੀਣ ਲਈ ਹੁਨਰ ਕੱਢਣੇ ਨੇ ।

ਨ੍ਹੇਰੇ ਵਰਗੇ ਇਸ ਖੰਡਰ ਚੋਂ,

ਸੂਰਜ ਵਰਗੇ ਘਰ ਕੱਢਣੇ ਨੇ ।

ਮੌਤ ਵੀ ਸਾਲੀ ਹੁੰਦੀ ਕੀਹ ਸ਼ੈਅ,

ਲੋਕਾਂ ਦੇ ਦਿਲ 'ਚੋਂ ਡਰ ਕੱਢਣੇ ਨੇ।

ਇਹ ਜੋ ਵਿਦੇਸ਼ੀ ਬੋਲੀ ਬੋਲਣ,

ਦੇਸ਼ 'ਚੋਂ ਆਪਾਂ ਧਰ ਕੱਢਣੇ ਨੇ।

ਜਿੰਨ੍ਹਾਂ ਦੇ ਸੀਨੇ ਵੱਜੇ ਨੇ,

ਉਨ੍ਹਾਂ ਵੀ ਖੰਜਰ ਕੱਢਣੇ ਨੇ।

ਕਾਲੀ ਹਵਾ ਦਾ ਦੌਰ ਹੈ ਸਿਰ ਤੇ,

ਹਾਲੇ ਇਸ ਚੱਕਰ ਕੱਢਣੇ ਨੇ।

📝 ਸੋਧ ਲਈ ਭੇਜੋ