ਦੇਂਹ ਗੁਜ਼ਾਰਾਂ ਵੇ ਪਈ, ਖ਼ੂਨ ਦੇ ਹੰਝੂ ਰੋ ਰੋ ।
ਤੇਰੀਆਂ ਗੱਲਾਂ ਕਰਾਂ, ਵੀਰਾਂ ਦੇ ਉਤੇ ਢੋ ਢੋ ।
ਹਾਵਿਆਂ ਮਾਰੀ ਮੈਂ ਦੁਖੜੇ ਵੀ ਸੁਨਾਵਾਂ ਕਿਹਨੂੰ ?
ਹਾਇ ਵੇ ! ਬੈਠਨਾ ਏਂ, ਤੂੰ ਤੇ ਦੁਰੇਡਾ ਹੋ ਹੋ ।
ਨਿਤ ਪਈ ਕਾਗ ਉਡਾਵਾਂ ਤੇ ਉਡੀਕਾਂ ਰੱਖਾਂ,
ਪੂਰਨੇ ਪਾਂਦੀ ਰਵ੍ਹਾਂ, ਦੁੱਖਾਂ ਦੀ ਪੱਟੀ ਧੋ ਧੋ ।
ਮਾਰਦੀ ਹਥ ਰਹੀ, ਤੁਰ ਗਿਉਂ ਤੂੰ ਹੱਥ ਕਰਕੇ,
ਲੈ ਗਿਉਂ ਡਾਢਿਆ ਦਿਲ, ਹੱਥਾਂ ਦੇ ਵਿਚੋਂ ਖੋਹ ਖੋਹ ।
ਚਾਨਣੀ ਰਾਤ ਏ ਮੈਂ, ਤੜਪਾਂ ਤੇ ਵਿਲਕਾਂ ਕੱਲੀ,
ਬਾਗਾਂ ਵਿਚ ਟਹਿਲਦੇ ਨੇ, ਸਾਰੇ ਹੀ ਸਜਣਾਂ ਦੋ ਦੋ ।
ਕੀ ਗਿਲਾ, ਸ਼ਿਕਵਾ ਮੇਰਾ, ਦੋਸ਼ ਕੀ ਦੇਵਾਂ ਤੈਨੂੰ ?
ਭੋਰਾਂ ਪਈ ਲੇਖਾਂ 'ਚਿ ਲਿਖਿਆ ਏ ਵਿਧਾਤਾ ਜੋ ਜੋ ।
ਇਕ ਤੇਰੀ ਪ੍ਰੀਤ ਦੇ ਪਿਛੇ ਹੀ 'ਆਸੀਆ' ਮਾਹੀਆ,
ਪੱਲੇ ਪੈ ਗਈ ਏ ਨਿਮਾਣੀ ਦੇ ਜਗਤ ਦੀ ਹੋ ਹੋ ।