ਦਹਿਲਦੇ ਅਸਮਾਨ ਗੁਜ਼ਰਦੇ ਜਾਂਦੇ 

ਮੇਰੇ ਗੁਨਾਹ ਦੀਆਂ ਰਗਾਂ 'ਚੋਂ— 

ਜਦ ਮੇਰੀ ਚੀਖ ਦੇ ਖੰਭ ਖ਼ੂਨੀ ਫੜਕਦੇ 

ਗਗਨ ਦੇ ਵਣਾਂ ਦੇ ਜਾਲ ਟੁੱਟ ਜਾਂਦੇ, 

ਤਪਦੇ ਥਲਾਂ ਦੀ ਮੁੱਠ ਭਰ ਲੈਂਦੇ ਜਨੂੰਨੀ 

ਤੇ, ਕੋਈ ਬਾਜ਼ ਨੋਚਦਾ ਅਸਮਾਨ ਦੇ ਸੀਸ ਨੂੰ; 

ਪੱਥਰ ਦੀਆਂ ਖ਼ੂਨ ਹੋਈਆਂ ਨੀਂਹਾਂ 'ਚ

ਮੈਂ ਚੀਕ ਚੀਕ ਚਿਣਦਾ ਆਪਣੀ ਹਸਤੀ॥੧॥

ਕਦੇ ਇਕ ਹੌਕੇ ਦੀ ਘੁੱਟ ਵਿਚ

ਮੈਂ ਆਪਣੇ ਸਾਹ ਪੀ ਜਾਂਦਾ

ਸੁਕਾ ਦਿੰਦਾ ਜਾਨ ਦੇ ਵਣਾਂ ਨੂੰ ਟੁੱਟ ਕੇ 

ਧੜਾ ਧੜ ਡਿਗਦਾ ਮੌਤ ਦੇ ਉੱਤੇ- 

ਘਾਇਲ ਹੋ ਕੇ ਮੁਰਸ਼ਦ ਨੂੰ ਵੇਖਦਾ 

ਜੋ ਵਗਦੇ ਪਾਣੀਆਂ ਕਿਨਾਰੇ 

ਸ਼ਾਹ ਨ੍ਹੇਰਾਂ ਦਾ ਘੁੰਗਟ ਸੰਵਾਰਦਾ 

ਘਾਇਲ ਹੋ ਕੇ ਵੇਖਦਾ ਸਿਕਦੇ ਮੁਰੀਦ ਨੂੰ॥੨॥

ਕਦੇ ਅਰਦਾਸ ਕਰਦਾ, ਚੁੱਪ-ਚਾਂ ਰਾਤਾਂ ਦੀ 

ਚੰਦ੍ਰਮਾ ਦੇ ਦੀਵੇ ਦੇ ਹੇਠ

ਤਪੇ ਹੋਏ ਅੱਥਰੂ ਠਾਰਦਾ- 

ਮੇਰੇ ਮੁਰਸ਼ਦ ਦਾ ਤੀਰ ਲਾਸਾਨੀ

ਵਗਦੇ ਪਾਣੀਆਂ ਦੇ ਸੀਨੇ

ਖ਼ੂਨ ਖ਼ੂਨ ਚਮਕ ਚਮਕ ਉੱਠਦਾ। 

ਮੈਂ ਤੀਰ ਦੀ ਨੋਕ ਵਿਚ ਵਿੰਨ੍ਹੇ ਦੇਖਦਾ 

ਰਣਾਂ ਦੇ ਖ਼ੂਨੀ ਦੀਵਾਨੇ 

ਸਿਦਕ ਦੇ ਲੱਖਾਂ ਨਜ਼ਾਰੇ

ਜੋ ਆਪਣੀ ਰੱਤ ਨੂੰ ਘਾਇਲ ਕਰਕੇ 

ਧਰੁਵਾਂ ਤਕ ਦੇਖਦੇ ਫ਼ਜਰ ਹੀ ਜਾਂਦੇ॥੩॥

ਕਦੇ ਮੈਂ ਸ਼ਾਹਦ ਹੋਂਵਦਾ

ਸੋਹਣੇ ਯਾਰ ਦੀ ਮਿਹਰ ਦਾ

ਤੇ ਸਿਤਮ ਕਰਦਾ ਲੱਭਦਾ ਲਹੂ 'ਚੋਂ 

ਦੂਰ! ਕਿਤੇ ਵੀ ਸ਼ਹਾਦਤਾਂ ਦੀ ਮੰਜ਼ਲ- 

ਦਹਿਲ ਕੇ ਲੰਘਦਾ ਸ਼ੀਹਾਂ ਦੇ ਘਾਟ ਤੋਂ 

ਰਣਾਂ ਦੇ ਜਾਮ ਤੋੜ ਤੋੜ ਸੁੱਟਦਾ- 

ਧਰਤੀ ਦੇ ਮੱਥੇ 'ਚ

ਤੀਰਾਂ 'ਤੇ ਲਹੂ ਦੀ ਨਿਸ਼ਾਨੀ ਲਾਂਵਦਾ, 

ਜਨੂੰ ਕੁਲ ਮੇਰੀ ਜਾਨ ਦਾ

ਭੱਥੇ 'ਚੋਂ ਉੱਡਦਾ ਹੀ ਜਾਂਵਦਾ—

ਆਪਣੇ ਆਪ ਵਿਚ ਆਪ ਨਾਂਹ ਥਿਆਂਵਦਾ 

ਸਗਲ ਗੁਮਨਾਮੀ ਕੰਬਾਂਵਦਾ-

ਯਾਰ ਵੇ ਸੋਹਣਿਆਂ !

ਮੈਂ ਤਾਂ ਤੈਂਡਾ ਚਾਅ ਹੀ ਗਾਂਵਦਾ॥੪॥ 

ਕਦੇ ਪਤਾਲ ਤੋਂ ਲੈ ਕੇ ਅਰਸ਼ ਤਕ 

‘ਮੈਂ’ ‘ਮੈਂ’ ਦੀ ਅਗਨੀ ਕੂਕਦੀ— 

ਮੈਂ ਰੇਗਿਸਤਾਨਾਂ ਵਿੱਚੋਂ ਦੀ ਲੰਘਿਆ

ਮੈਂ ਠੰਢੀ ਕੁੰਜ ਵਿਚ ਸੁੰਦਰ ਨਾਰ ਨੂੰ ਲਿਪਟਿਆ

ਮੈਂ ਅਕਾਸ਼ਾਂ ਤੋਂ ਜ਼ਿਮੀਂ 'ਤੇ, ਤੇਜ਼ ਹਵਾਵਾਂ ਸੰਗ ਉਤਰਿਆ, 

ਮੈਂ ਨੀਲ ਗਗਨ ਦੇ ਸਿਤਾਰੇ 'ਚ ਚਮਕਿਆ

ਮੈਂ ਅਧਰੈਣੀ 'ਚ ਹਿਮਾਲੀਆ ਤੇ ਲਾਈ ਸਮਾਧੀ—

ਸਾਰੀਆਂ ਆਵਾਜ਼ਾਂ ਨੂੰ ਸੁਣਿਆਂ ਮੈਂ,

ਸਭ ਰੇਗਿਸਤਾਨਾਂ ਦੌੜ ਮੇਰੀ ਦੇਖੀ,

ਸਭ ਕਲਮਾਂ ਮੇਰਾ ਨਾਮ ਲਿਖਿਆ,

ਮੈਂ ਸਾਰੀ ਜ਼ਿਮੀਂ ਦੇ ਸ਼ਹਿਨਸ਼ਾਹਾਂ ਨੂੰ ਜਾਣਿਆਂ 

ਮੈਂ ਮਹਾਂ ਅਧਿਆਤਮ ਦੇ ਰਾਜ ਵਿਚ ਸੁੱਤਾ, 

ਮੈਂ ਹਿਰਨਾਂ ਦੇ ਨੈਣ ਤੱਕੇ

ਮੈਂ ਬਘਿਆੜਾਂ ਦੇ ਗਲ ਲੱਗ ਰੁੰਨਾ

ਮੈਂ ਸ਼ੇਰਾਂ ਦੇ ਘਾਟ 'ਤੇ ਪਾਣੀ ਜਾ ਪੀਤਾ॥੫॥

📝 ਸੋਧ ਲਈ ਭੇਜੋ