ਦੇਖ ਦੌੜੀ ਜਾ ਰਹੀ ਖਲਕਤ

ਦੇਖ ਦੌੜੀ ਜਾ ਰਹੀ ਖਲਕਤ ਨੂੰ ਦੇਖ

ਦੇਖ ਤੂੰ ਇਸ ਵਕਤ ਦੀ ਦਹਿਸ਼ਤ ਨੂੰ ਦੇਖ

ਰੁਕ ਜ਼ਰਾ ਇਕ ਰੁੱਖ ਨੇ ਮੈਨੂੰ ਆਖਿਆ

ਅਪਣੇ ਵਿਛੜੇ ਯਾਰ ਦੀ ਹਾਲਤ ਨੂੰ ਦੇਖ

ਬੀਜੀਆ ਇਕ ਬੀਜ ਸੈਆਂ ਹੋ ਗਏ

ਦੇਖ ਤੂੰ ਧਰਤੀ ਦੀ ਇਸ ਬਰਕਤ ਨੂੰ ਦੇਖ

ਇਕ ਸਤਰ ਬੋਲੀ ਤੇ ਸਭ ਵਿੰਨ੍ਹੇ ਗਏ

ਦੇਖ ਤੂੰ ਇਸ ਸਾਂਝ, ਇਸ ਸੰਗਤ ਨੂੰ ਦੇਖ

ਭਾਫ ਬਣ ਉਡਿਆ ਸਮੁੰਦਰ ਥਲ ਲਈ

ਦੇਖ ਇਸ ਮਿਲਣੀ ਨੂੰ ਇਸ ਹਿਜ਼ਰਤ ਨੂੰ ਦੇਖ

ਮੋੜ ਦੇਵੇ ਜਿੰਦਗੀ ਦੇ ਵਹਿਣ ਨੂੰ

ਦੇਖ ਤੂੰ ਇਕ ਵਾਕ ਦੀ ਤਾਕਤ ਨੂੰ ਦੇਖ

ਬੀਜ ਕਾਲਾ ਸੀ ਤੇ ਸੂਹੇ ਫੁੱਲ ਹਨ

ਦੇਖ ਤੂੰ ਮਿੱਟੀ ਦੀ ਇਸ ਰੰਗਤ ਨੂੰ ਦੇਖ

ਦੁਖੀਆਂ ਲਈ ਇਕ ਹੰਝੂ ਵੀ ਇਹਨਾਂ ਕੋਲ ਨਾ

ਤੂੰ ਵਿਚਾਰੇ ਸ਼ਾਹਾਂ ਦੀ ਗੁਰਬਤ ਨੂੰ ਦੇਖ

ਰਹਿਣ ਦੇ ਕਾਦਰ ਨੂੰ ਜੋ ਦਿਸਦਾ ਨਹੀਂ

ਹੈ ਬਹੁਤ ਏਨਾ ਕਿ ਤੂੰ ਕੁਦਰਤ ਨੂੰ ਦੇਖ

📝 ਸੋਧ ਲਈ ਭੇਜੋ