ਦੇਖ ਕਬੀਰਾ ਰੋਇਆ

ਸਾਮਰਾਜ: ਇੱਕ ਟਾਵਾਂ ਸ਼ਾਹੀ ਬੂਟਾ

ਹੋਰ ਆਦਮੀ ਦੀ ਜ਼ਾਤ

ਖੱਬਲ ਦੇ ਵਾਂਗ ਉੱਗੀ

ਹਾਕਮ ਦਾ ਹੁਕਮ ਉਨਾ ਹੈ,

ਉਹ ਜਿੰਨਾ ਵੀ ਕਰ ਲਵੇ

ਤੇ ਪਰਜਾ ਦੀ ਪੀੜ ਉਨੀ ਹੈ,

ਉਹ ਜਿੰਨੀ ਵੀ ਜਰ ਲਵੇ…

ਸਮਾਜਵਾਦ: ਮਨੁੱਖ ਜ਼ਾਤ ਦਾ ਮੰਦਰ

ਤੇ ਇੱਕ ਇੱਟ ਜਿੰਨੀ

ਇਕ ਮਨੁੱਖ ਦੀ ਕੀਮਤ

ਇਹ ਮੰਦਰ ਦੀ ਲੋੜ ਹੈ,

ਜਾਂ ਠੇਕੇਦਾਰ ਦੀ ਮਰਜ਼ੀ

ਕਿ ਜਿਹੜੀ ਇੱਟ ਨੂੰ,

ਜਿੱਥੇ ਚਾਹੇ ਧਰ ਲਵੇ…

ਦਰਦ ਦਾ ਅਹਿਸਾਸ,

ਕੁਝ ਕੂਲੀਆਂ ਸੋਚਾਂ ਤੇ ਸ਼ਖ਼ਸੀ ਆਜ਼ਾਦੀ

ਬਹੁਤ ਵੱਡੇ ਐਬ ਹਨ,

ਜੇ ਬੰਦਾ ਐਬ ਦੂਰ ਕਰ ਲਵੇ

ਤੇ ਫੇਰ ਕਦੀ ਚਾਹੇ-

ਤਾਂ ਰੂਹ ਦਾ ਸੋਨਾ ਵੇਚ ਕੇ,

ਤਾਕਤ ਦਾ ਪੇਟ ਭਰ ਲਵੇ…

ਦੀਨੀ ਹਕੂਮਤ: ਰੱਬ ਦੀ ਰਹਿਮਤ

ਸਿਰਫ਼ ਤੱਕਣਾ ਵਰਜਿਤ,

ਤੇ ਬੋਲਣਾ ਵਰਜਿਤ

ਤੇ ਸੋਚਣਾ ਵਰਜਿਤ

ਹਰ ਬੰਦੇ ਦੇ ਮੋਢਿਆਂ ‘ਤੇ

ਲੱਖਾਂ ਸਵਾਲਾਂ ਦਾ ਭਾਰ

ਮਜ਼ਹਬ ਬੜਾ ਮਿਹਰਬਾਨ ਹੈ

ਹਰ ਸਵਾਲ ਨੂੰ ਖ਼ਰੀਦਦਾ

ਪਰ ਜੇ ਕਦੇ ਬੰਦਾ

ਜਵਾਬ ਦਾ ਹੁਦਾਰ ਕਰ ਲਵੇ…

ਤੇ ਬੰਦੇ ਨੂੰ ਭੁੱਖ ਲੱਗੇ

ਤਾਂ ਬਹੀ ਰੋਟੀ “ਰੱਬ” ਦੀ

ਉਹ ਚੁੱਪ ਕਰਕੇ ਖਾ ਲਵੇ

ਸਬਰ ਸ਼ੁਕਰ ਕਰ ਲਵੇ,

ਤੇ ਉੇਰ ਜੇ ਚਾਹੇ

ਤਾਂ ਅਗਲੇ ਜਨਮ ਵਾਸਤੇ

ਕੁਝ ਆਪਣੇ ਨਾਲ ਧਰ ਲਵੇ…

ਤੇ ਲੋਕ ਰਾਜ: ਗਾਲ਼ੀ ਗਲੋਚ ਦੀ ਖੇਤੀ

ਕਿ ਬੰਦਾ ਜਦੋਂ ਮੂੰਹ ਮਾਰੇ

ਤਾਂ ਜਿੰਨੀ ਚਾਹੇ ਚਰ ਲਵੇ

ਖੁਰਲੀ ਵੀ ਭਰ ਲਵੇ,

ਤੇ ਫੇਰ ਜਦੋਂ ਚਾਹੇ

ਤਾਂ ਉਸੇ ਗਾਲ਼ੀ ਗਲੋਚ ਦੀ

ਬਹਿ ਕੇ ਜੁਗਾਲੀ ਕਰ ਲਵੇ…

📝 ਸੋਧ ਲਈ ਭੇਜੋ