ਇਸ ਤਰ੍ਹਾਂ ਹਿੰਮਤ ਕਦੋਂ ਤਕ ਹਾਰ ਕੇ
ਹਰ ਪੁੰਗਰਦੀ ਰੀਝ ਮਨ ਵਿਚ ਮਾਰ ਕੇ
ਨਿੱਘੀਆਂ ਧੁੱਪਾਂ ਤੋਂ ਡਰਦੀ ਰਹੇਂਗੀ
ਬੰਦ ਕਮਰੇ ਵਿਚ ਠਰਦੀ ਰਹੇਂਗੀ।
ਭੁੱਲ ਜਾ ਜਿੰਨੀ ਅਜਾਈਂ ਗਈ ਹੈ
ਸੋਚ ਕਿੰਨੀ ਹੋਰ ਬਾਕੀ ਪਈ ਹੈ।
ਏਹ ਕੀ ਸੋਚੇਗਾ ਔਹ ਕੀ ਕਹੇਗਾ
ਜਦੋਂ ਤਕ ਤੈਨੂੰ ਇਹ ਸੰਸਾ ਰਹੇਗਾ
ਲੱਭਣਾ ਕੋਈ ਨਹੀਂ ਗ਼ਮ ਦਾ ਉਪਾ
ਸੱਜਰੀ ਹਵਾ ਸਹਿਕਦੇ ਦਮ ਦਾ ਉਪਾ !
ਜੱਗ ਜੋ ਪੌਂਦਾ ਏ ਰੌਲਾ ਪੌਣ ਦੇ
ਦਿਲ ਦੀਆਂ ਗੱਲਾਂ ਨੂੰ ਹੋਠੀਂ ਆਉਣ ਦੇ
ਪੈਰਾਂ ਹੈ ਰਾਹਾਂ ਦੀ ਕੀ ਮੁਹਤਾਜਗੀ
ਪੈਰ ਆਪਣਾ ਰਾਹ ਬਣਾਉਂਦੇ ਆਪ ਵੀ।
ਬੇਝਿਜ਼ਕ ਹੋ ਕੇ ਰਤਾ ਇਕ ਵਾਰ ਤੂੰ
ਦੇਖ ਸ਼ੀਸ਼ੇ ਵਿਚ ਆਪਣੇ ਆਪ ਨੂੰ।
ਦੇਖਿਆ ਵੀ ਹੈ ਕਦੀ ਇਹ ਰੂਪ ਰੰਗ
ਸੁਹਲ ਹੈ ਸੂਖ਼ਮ ਹੈ ਤੇਰਾ ਅੰਗ ਅੰਗ
ਦਰਦ ਵੀ ਹੈ ਤੇਰੇ ਦਿਲ ਵਿਚ ਪ੍ਰੀਤ ਵੀ
ਤੇਰੇ ਵਿਚ ਕਵਿਤਾ ਵੀ ਹੈ ਸੰਗੀਤ ਵੀ।
ਜਜ਼ਬਿਆਂ ਨੂੰ ਲੋੜ ਹੈ ਆਵਾਜ਼ ਦੀ
ਉਂਗਲਾਂ ਦੇ ਪੋਟਿਆਂ ਨੂੰ ਸਾਜ਼ ਦੀ
ਜਿੰਦ ਦਾ ਦੀਵਾ ਮੜ੍ਹੀ 'ਤੇ ਬਾਲ ਕੇ
ਬੈਠ ਨਾ ਸੰਭਾਵਨਾ ਨੂੰ ਟਾਲ ਕੇ।
ਭੁੱਲ ਜਾ ਜਿੰਨੀ ਅਜਾਈਂ ਗਈ ਹੈ
ਸੋਚ ਕਿੰਨੀ ਹੋਰ ਬਾਕੀ ਪਈ ਹੈ।