ਦੇਖਣ ਲਈ ਕਿ ਕੌਣ ਹੈ

ਦੇਖਣ ਲਈ ਕਿ ਕੌਣ ਹੈ ਪੱਕਾ ਅਸੂਲ ਦਾ 

ਤਲਵਾਰ ਫੜਕੇ ਆਇਆ ਉਹ ਮਹਿਫਲ 'ਚ ਝੂਲਦਾ

ਇਕਰਾਰ ਕਰਨਾ ਸਾਫ ਤੇ ਦੇਣਾ ਜਵਾਬ ਸਾਫ 

ਤੂੰ ਇਸ ਅਸੂਲ ਦਾ ਹੈਂ ਹੈਂ ਉਸ ਅਸੂਲ ਦਾ। 

ਸਿਖਿਆ ਮਿਲੀ ਹੈ ਗ਼ੈਰ ਨੂੰ ਜਿਹੜੇ ਸਕੂਲ ਤੋਂ 

ਤੂੰ ਵੀ ਤੇ ਪੜ੍ਹਿਆ ਹੋਇਆ ਏਂ ਓਸੇ ਸਕੂਲ ਦਾ

ਰਿੰਦਾਂ ਨੇ ਮੇਰਾ ਮਸ਼ਵਰਾ ਮੰਨਿਆ ਤੇ ਤੁਰ ਗਏ 

ਪਰ ਸ਼ੇਖ਼ ਮੇਰਾ ਮਸ਼ਵਰਾ ਕਿਉਂ ਨਹੀਂ ਕਬੂਲਦਾ?

ਹਰ ਇਕ ਹਸੀਨ ਦੀ ਹੈ ਮੇਰੇ ਦਿਲ ਤੇ ਇਉਂ ਨਜ਼ਰ 

ਇਹ ਵੀ ਹੈ ਕੋਈ ਜਿਸ ਤਰਾਂ ਰਕ਼ਬਾ ਨਜ਼ੂਲ ਦਾ

ਮਕ਼ਤਲ ਜਾ ਕੇ ਫੈਸਲਾ ਹੋਏਗਾ ਅਜ ਕਿ ਉਹ 

ਮੈਨੂੰ ਕਬੂਲਦਾ ਹੈ ਕਿ ਉਹ ਤੈਨੂੰ ਕਬੂਲਦਾ

ਔਕ਼ਾਤ ਅਪਣੀ ਵੇਖ ਤੂੰ ਰਿੰਦਾਂ 'ਚ ਰਖ ਪੈਰ 

ਠੇਕੇ ਸੁਹੰਦਾ ਸੁਹਣਿਆ ਬੰਦਾ ਅਸੂਲ ਦਾ

ਦਿਲ ਲੈ ਲਿਆ ਹੈ ਉਸਨੇ ਮੁਹੱਬਤ ਦੇ ਕਰਜ਼ ਵਿਚ 

ਇਹ ਸੂਦ ਪੇਸ਼ਗੀ ਹੈ ਤੇ ਵਅਦਾ ਹੈ ਮੂਲ ਦਾ।

‘ਹਮਦਰਦ' ਮੈਂ ਤੇ ਓਸਨੂੰ ਦਿਲ ਦੇ ਰਿਹਾ ਹਾਂ ਮੁਫ਼ਤ 

ਹੈਰਾਨ ਹਾਂ ਕਿ ਇਸਨੂੰ ਉਹ ਕਿਉਂ ਨਹੀਂ ਕਬੂਲਦਾ!

📝 ਸੋਧ ਲਈ ਭੇਜੋ