ਮੇਰਾ ਬਾਪੂ
ਮਿੱਟੀ ਨਾਲ ਮਿੱਟੀ ਹੁੰਦਾ
ਖੇਤਾਂ ਨੂੰ ਕਰਮ ਭੂਮੀ ਮੰਨਦਾ
ਤੇ ਕਿਰਤ ਨੂੰ ਧਰਮ
ਹਰ ਸਿਆਲ -ਮੈਂ ਉਸਨੂੰ
ਪੈਰਾਂ ਦੀਆਂ ਪਾਟੀਆਂ ਬਿਆਈਆਂ ਵਿੱਚ
ਮੋਮ ਭਰਦਿਆਂ ਤੱਕਿਆ,
ਭਾਦੋਂ ਵਿੱਚ ਮੱਕੀ ਗੁੱਡਦਿਆਂ
ਉਸਦਾ ਕਣਕ-ਵੰਨਾਂ ਰੰਗ
ਲੋਹੇ ਵਰਗਾ ਹੋ ਜਾਂਦਾ,
ਅੰਤਾਂ ਦਾ ਰਿਜ਼ਕ ਕਮਾ ਵੀ
ਨਾ ਉਸਨੇ ਕਦੇ –
ਮਨ-ਭਾਉਂਦਾ ਖਾ ਕੇ ਵੇਖਿਆ
ਤੇ ਨਾ ਜੱਗ-ਭਾਉਂਦਾ ਪਹਿਨ ਕੇ
ਡੋਬੇ ਸੋਕੇ ਸਮੇਂ
ਉਹ ਫ਼ਸਲ ਦੇ ਨਾਲ ਹੀ
ਡੁੱਬਦਾ ਤੇ ਸੁੱਕਦਾ ਰਿਹਾ ।
ਟਿਕੀ ਹੋਈ ਰਾਤ ਵਿੱਚ
ਜਦੋਂ ਕਦੇ ਉਹ
“ਟਾਹਲੀ ਮੇਰੇ ਬਚੜੇ ਲੱਕ ਟੁਣੂ-ਟੁਣੂ " ਗਾਉਂਦਾ
ਤਾਂ ਘਰ ਦਾ ਸਾਰਾ ਜੀਆਂ ਜੰਤ
ਉਸਦੀ ਹੂਕ ਨਾਲ
ਵਿੰਨ੍ਹਿਆ ਜਾਂਦਾ।
ਬਿਜਾਈ ਸਮੇਂ
ਜਦੋਂ ਉਸਦੇ ਬਲਦ ਬੈਸਕ ਜਾਂਦੇ
ਤੇ ਸਿੰਜਾਈ ਸਮੇਂ
ਮੋਟਰ ਹਵਾ ਲੈ ਜਾਂਦੀ
ਤਾਂ ਉਹ
ਨੋਟ ਗਿਣਦੇ ਆੜ੍ਹਤੀਏ ਮੂਹਰੇ ਬੈਠਾ
ਕਿੰਨਾ ਕਿੰਨਾ ਚਿਰ
ਆਪਣੇ ਅੰਗੂਠੇ ਉਤਲਾ ਨੀਲਾ ਰੰਗ
ਵੇਖਦਾ ਰਹਿੰਦਾ ।
ਕੱਚੇ ਕੋਠੇ ਤੇ ਪੱਕਾ ਚੁਬਾਰਾ ਪਾਉਣ ਦੀ ਰੀਝ
ਉਹ ਨਾਲ ਹੀ ਲੈ ਕੇ ਤੁਰ ਗਿਆ।
ਢਿੱਡ ਨੂੰ ਗੱਠਾ ਦੇ ਪਾਲੀ ਫ਼ਸਲ
ਮੰਡੀ ਲੈ ਜਾਂਦਾ ਤੇ
ਹੱਥ ਝਾੜ ਜਦੋ ਵਾਪਸ ਮੁੜਦਾ
ਤਾਂ ਉਸਦੇ ਭਖਦੇ ਹੋਏ ਚਿਹਰੇ ਤੋਂ
ਬਲਦੇ ਸ਼ਬਦ ਝੜਦੇ-
ਜੀਅ ਕਰਦੈ
ਸਰਕਾਰ ਦੇ ਢਿੱਡ ਵਿੱਚ
ਟੱਕਰ ਮਾਰਾਂ ਦਿੱਲੀ ਜਾ ਕੇ
ਪਰ ਨੇੜੇ-ਤੇੜੇ ਥੋੜੀ ਹੈ
ਬਹੁਤ ਦੂਰ ਹੈ ਦਿੱਲੀ ।
ਅੱਜ ਦਿੱਲੀ ਜਾਂਦੇ ਸਾਰੇ ਰਾਹਾਂ 'ਤੇ
ਮੈਨੂੰ ਮੇਰਾ ਬਾਪੂ ਖੜਾ ਦਿਸਦੈ
ਵੇਖਿਆ ਹੁਣ ਦਿੱਲੀ ਦੂਰ ਨਹੀਂ ਰਹੀ, ਬਾਪੂ
ਹੁਣ ਦਿੱਲੀ ਦੂਰ ਨਹੀ ਹੈ ॥