ਮੇਰਾ ਸੋਹਣਾ ਦੇਸ ਪੰਜਾਬ।

ਜਿੱਥੇ ਵਗਦੇ ਸੀ ਸੱਤ ਆਬ।

ਉੱਥੇ ਆਸ਼ਕ ਤਰਦੇ ਵੇਖੇ,

ਜਿਹਦੀ ਸਾਖੀ ਭਰੇ ਚਨਾਬ।

ਕੀਤੇ ਕੌਲ ਪੁਗਾਉਣ ਖ਼ਾਤਰ,

ਕੱਚੇ ਘੜੇ 'ਤੇ ਤਰੇ ਜਨਾਬ।

ਉਨ੍ਹਾਂ ਇਸ਼ਕ ਦੀ ਪੌਂਦ ਉਗਾਈ,

ਜਿਨ੍ਹਾਂ ਤੱਕਿਆ ਸੀ ਕੋਈ ਖ਼ਾਬ।

ਕੇਹਾ ਝੱਖੜ ਝੁੱਲਿਆ ਮੁੜਕੇ,

ਕਿ ਘਰ ਘਰ ਵਿੱਚ ਅਜ਼ਾਬ।

ਰੁੱਸੇ ਫਿਰਦੇ ਮੌਸਮ ਲੱਗਦੇ,

ਰੌਣਕ ਵੀ ਦੇ ਗਈ ਜਵਾਬ।

ਜਿਹਨੂੰ ਆਸ ਦਾ ਪਾਣੀ ਪਾਇਆ,

ਸ਼ਾਲਾ! ਖਿੜਿਆ ਰਹੇ ਗੁਲਾਬ।

‘ਸਵੈਚ’ ਦੇ ਸੀਨੇ ਓਹੀ ਧੜਕੇ,

ਜਿਨ੍ਹੇ ਕੀਤਾ ਯਾਰ ਸਵਾਬ।

📝 ਸੋਧ ਲਈ ਭੇਜੋ