ਦੇਸਾਂ ਦਾ ਵੇਸ ਵਟਾ ਕੇ ਜੋਗੀ
ਕਰਦੇ ਕੀ ਖੇਡ ਵਿਡਾਣੀ !
ਸੰਝਾਂ ਨੂੰ ਸਿੱਕਦਾ ਅੱਥਰੂ ਡੁੱਬਿਆ
ਮੰਝ ਦਰਿਆਵਾਂ ਦੇ ਪਾਣੀ।
ਜਦ ਅਸੀਂ ਜਲ ਥਲ ਉਤਰੇ ਆ ਕੇ
ਅਗਨੀ ਦੀ ਖੇਡ ਵਿਹਾਣੀ।
ਸ਼ਹੁ ਦਰਿਆਵਾਂ ਨੇ ਛਲ ਜੋ ਕੀਤਾ
ਜਾਣੇ ਨ ਉਮਰ ਨਿਆਣੀ।
ਕੂੰਜਾਂ ਦੇ ਵਾਂਗੂੰ ਜਲ ਥਲ ਉਤਰੀ
ਡੂੰਘੀਆਂ ਨਦੀਆਂ ਦੀ ਬਾਣੀ।
ਵਣਜਾਂ ਦੇ ਦੇਸ਼ 'ਚ ਸੁੱਤਿਆਂ ਛੱਡ ਗਏ
ਜਿਹੜੇ ਸੀ ਉਮਰਾਂ ਦੇ ਹਾਣੀ।