ਸਿਪਾਹੀ ਹਾਂ ਮੈਂ ਵੀ, ਦੇਸ਼ ਦਾ ਸਿਪਾਹੀ
ਹਥੇਲੀ ਤੇ ਫਿਰਦਾ ਹਾਂ, ਸਿਰ ਨੂੰ ਉਠਾਈ
ਮੇਰਾ ਤਾਂ ਦੁਸ਼ਮਣ ਹੈ, ਅਪਣਾ ਹੀ ਭਾਈ
ਐਸ਼ ਦੀ ਖਾਤਰ, ਜੋ ਬਣਿਆ ਕਸਾਈ
ਲੜਦਾ ਹਾਂ ਮੈਂ ਵੀ, ਪਰ ਹੱਕੀ ਲੜਾਈ
ਮੈਨੂੰ ਨਹੀਂ ਦਿੱਤੀ ਜਾਂਦੀ ਸਿਖਲਾਈ
ਸ਼ਾਸਤਰ ਦੀ ਮੈਨੂੰ ਹੀ ਕਰੜੀ ਮਨਾਹੀ
ਸਿਪਾਹੀ ਹਾਂ ਮੈਂ ਵੀ , ਦੇਸ਼ ਦਾ ਸਿਪਾਹੀ
ਮੈਂ ਕਿਰਤੀ, ਮੈਂ ਕਾਮਾ, ਕਿਸਾਨ ਮੁਜਾਰਾ
ਬੋਝ ਮੈਂ ਚੁੱਕਿਆ ਹੈ, ਇਤਨਾ ਭਾਰਾ
ਕਿ ਮੇਰੇ ਹੀ ਸਿਰ ਉੱਤੇ, ਹੈ ਕੌਮੀ ਖਾਰਾ
ਖੂਨ ਪਸੀਨਾ, ਇਕ ਕਰਦਾ ਦਿਨ ਸਾਰਾ
ਫਿਰ ਵੀ ਨਹੀਂ ਹੁੰਦਾ, ਮੇਰਾ ਗੁਜਾਰਾ
ਮੈਂ ਪਾਉਂਦਾ ਦੁਹਾਈ, ਪਰ ਨਹੀਂ ਸੁਣਵਾਈ
ਸਿਪਾਹੀ ਹਾਂ ਮੈਂ ਵੀ, ਦੇਸ਼ ਦਾ ਸਿਪਾਹੀ
ਦੁਸ਼ਮਣ ਨੇ ਮੇਰੇ ਹੀ, ਕੁੱਝ ਖਰੀਦੇ ਨੇ ਭਾਈ
ਉਹਨਾਂ ਦੀ ਉਸ ਨੇ, ਇਕ ਸੈਨਾ ਬਣਾਈ
ਦਿੱਤੀ ਗਈ ਉਹਨਾਂ ਨੂੰ , ਡਾਢੀ ਸਿਖਲਾਈ
ਇੱਕ ਇੱਕ ਦੇ ਹੱਥੀਂ, ਬੰਦੂਕ ਫੜਾਈ
ਜਦ ਵੀ ਮੈਂ ਰੋਟੀ ਲਈ, ਪਾਈ ਦੁਹਾਈ
'ਮੈਂ ਮਰਦਾ ਹਾਂ ਭਾਈ, ਮੈਂ ਮਰਦਾ ਹਾਂ ਭਾਈ'
ਮੇਰਿਆਂ ਨੇ ਮੇਰੇ ਤੇ, ਗੋਲੀ ਚਲਾਈ
ਕਰਦਾ ਗਿਆ ਖਾਲੀ ਹੱਥੀਂ ਲੜਾਈ
ਸਿਪਾਹੀ ਹਾਂ ਮੈਂ ਵੀ, ਦੇਸ਼ ਦਾ ਸਿਪਾਹੀ
ਜਿਉਂਦੇ ਨੇ ਮੈਂ ਕੋਈ, ਤਨਖਾਹ ਨਹੀਂ ਪਾਈ
ਮਰਗੇ ਦੀ ਔਰਤ ਨੂੰ , ਪੈਨਸ਼ਨ ਨਹੀਂ ਲਾਈ
ਦੇਵੇਗਾ ਨਾਹੀਂ, ਇਤਿਹਾਸ ਗਵਾਹੀ
ਕਿ ਵਤਨਾ ਤੋਂ ਜਿੰਦਗੀ, ਮੈਂ ਘੋਲ ਘੁਮਾਈ
ਕਿਉਂਕਿ ਮੈਂ ਨਹੀਂ ਲੜਦਾ ਸਰਹੱਦੀ ਲੜਾਈ
ਮੈਂ ਨਹੀਂ ਗੁਆਂਢੀ ਦੀ, ਨੂੰ ਹ ਵਿਧਾਵਾਈ
ਮੇਰੀ ਤਾਂ ਹੈ ਬੱਸ, ਹੱਕ ਲਈ ਲੜਾਈ
ਸਿਪਾਹੀ ਹਾਂ ਮੈਂ ਵੀ, ਦੇਸ਼ ਦਾ ਸਿਪਾਹੀ
ਮੇਰੇ ਨਹੀਂ ਕਤਲ ਦੀ, ਹੋਣੀ ਸੁਣਵਾਈ
ਕਾਤਲ ਨੂੰ ਬਸ ਇਕ, ਤਮਗਾ ਮਿਲ ਜਾਈ
ਕਿ ਉਸ ਨੇ ਦਲੇਰੀ ਹੈ, ਕਿਤਨੀ ਵਿਖਾਈ
ਸ਼ਾਸਤਰ ਹੀਨ ਤੇ, ਗੋਲੀ ਚਲਾਈ
ਰੋਟੀ ਕਪੜੇ ਦੀ, ਮੰਗ ਮੁਕਾਈ
ਸ਼ਾਂਤੀ ਪੁਜਾਰੀ, ਇਹ ਦੇਸ਼ ਹੈ ਭਾਈ
ਇਹ ਨਹੀਂ ਲੜਦਾ, ਕਦੇ ਕੋਈ ਲੜਾਈ
ਲੜਦਾ ਤਾਂ ਮੈਂ ਹਾਂ, ਦੇਸ਼ ਦਾ ਸਿਪਾਹੀ
ਕਰੇਗਾ ਜਦ ਮਰਗੇ ਦਾ, ਬੱਚਾ ਪੜ੍ਹਾਈ
ਵਜ਼ੀਫਾ ਉਸ ਦੇ ਨਾਂ, ਹੋਊ ਸਖਤਾਈ
ਬਾਗੀ ਦਾ ਪੁੱਤ ਵੀ, ਬਾਗੀ ਸਦਵਾਈ
ਪੁੱਛੇਗਾ 'ਮਾਂ, ਇਹ ਕਾਹਦੀ ਸਜ਼ਾਈ'
ਆਖੇਗੀ ਉਹ, 'ਇਹ ਪਿਉ ਦੀ ਕਮਾਈ'
ਪਰ ਹੋਵੇਗਾ ਉਹ ਵੀ, ਅਣਖੀਲਾ ਸਿਪਾਹੀ
ਲੜੇਗਾ ਉਹ ਵੀ, ਇਹ ਹੱਕੀ ਲੜਾਈ
ਉਹ ਵੀ ਦੇਸ਼ ਦਾ ਸਿਪਾਹੀ
ਮੈਂ ਵੀ ਦੇਸ਼ ਦਾ ਸਿਪਾਹੀ