ਦੇਵਤਾ ਇੰਦਰ ਵਰਸੇ ਤੇ

ਦੇਵਤਾ ਇੰਦਰ ਵਰਸੇ ਤੇ

ਮਿੱਟੀ ਬੋਚੇ ਅੰਮ੍ਰਿਤ ਵਰਖਾ,

ਕੱਚੇ ਵਿਹੜੇ ਨੂੰ ਸੁੰਭਰ ਕੇ

ਕਿਸੇਨੇ ਡਾਹਿਆ ਹੋਵੇ ਚਰਖਾ,

ਜਾਂ ਲਿੱਪਣ ਤੋਂ ਪਹਿਲਾਂ ਹੀ

ਜੇ ਕਦੇ ਸੰਵਾਰ ਕੇ ਕੁੱਟੀਦੀ,

ਮਰਨੇ ਤੱਕ ਭੁੱਲਣੀ ਨਾ

ਮੈਨੂੰ ਮਹਿਕ ਮੇਰੀ ਮਿੱਟੀ ਦੀ..

ਕਦੇ ਬੈਠ ਸੁਹਾਗੇ ਤੇ

ਹਲ੍ਹ ਜਦ ਪੁੱਟਣ ਜ਼ਮੀਨਾਂ ਨੂੰ,

ਖੱਬਲ਼ ਜਦ ਰੋਲ੍ਹੀ ਦਾ

ਬੀਜਣਾ ਹੁੰਦਾ ਜਦ ਬਰਸੀਨਾਂ ਨੂੰ,

ਠੱਪ ਪੁੱਟ ਕਦੇ ਮਿੱਟੀ ਦੀ

ਜਦੋਂ ਬੰਨੇ ਤੇ ਸਿੱਟੀ ਦੀ,

ਮਰਨੇ ਤੱਕ ਭੁੱਲਣੀ ਨਾ

ਮੈਨੂੰ ਮਹਿਕ ਮੇਰੀ ਮਿੱਟੀ ਦੀ...

ਖੇਡਣ ਤੋਂ ਬਾਅਦ ਕਦੇ

ਜਦ ਘੇਸਲ਼ ਵੱਟੀ ਲਈਦੀ,

ਚਿਰਾਂ ਦੀ ਰੜ੍ਹੀ ਕਦੇ

ਰੱਕੜਾਂ ਚੋਂ ਪੱਟ ਦਈਦੀ,

ਮੀਂਹ ਪਏ ਤੇ ਧਰਤ ਉੱਤੇ

ਜਦ ਲੀਕਰ ਖਿੱਚੀਦੀ,

ਮਰਨੇ ਤੱਕ ਭੁੱਲਣੀ ਨਾ

ਮੈਨੂੰ ਮਹਿਕ ਮੇਰੀ ਮਿੱਟੀ ਦੀ..

ਚੋਆਂ ਚੋਂ ਰਾਹ ਪੱਧਰੇ

ਫੜ੍ਹ-ਸੁੱਟ ਸਲਵਾੜ ਤੇ ਕਾਨੇ,

ਮੇਲੇ ਗਿਆਂ ਚੰਦ ਲੱਗਣੇ

ਖਿਡੌਣੇ ਰੰਗ ਬਿਰੰਗੇ ਭਕਾਨੇ,

ਕਿਸੇ ਹੰਢੇ ਤੋਂ ਵਿਰਕਾ ਜਦ

ਨਵੀਂ ਚੀਜ਼ ਕੋਈ ਸਿੱਖੀਦੀ,

ਮਰਨੇ ਤੱਕ ਭੁੱਲਣੀ ਨਾ

ਮੈਨੂੰ ਮਹਿਕ ਮੇਰੀ ਮਿੱਟੀ ਦੀ...

📝 ਸੋਧ ਲਈ ਭੇਜੋ