ਮਨ ਹੈ ਢਹਿ ਚੁੱਕੇ ਸ਼ਹਿਰ ਦੇ ਖੰਡਰਾਂ ਵਿਚ ਭਟਕਦਾ,
ਇਹ ਘੜੀ ਹੁਣ ਦੀ ਵੀ ਹੱਥਾਂ ਵਿਚ ਭੁਰਦੀ ਜਾ ਰਹੀ
ਜ਼ਖ਼ਮ ਹੁੰਦੇ, ਰੱਤ ਸਿੰਮਦੀ, ਚੀਸ ਪੈਂਦੀ ਫੇਰ ਵੀ
ਸ਼ੀਸ਼ਿਆਂ ਦੇ ਟੁਕੜਿਆਂ ਤੇ ਸੋਚ ਤੁਰਦੀ ਜਾ ਰਹੀ।
ਬੀਤ ਚੁੱਕੀ ਉਮਰ ਦੇ ਜੋ ਪੱਤਣਾਂ ਉੱਤੋਂ ਚੁਣੇ,
ਸ਼ਾਮ ਘੋਗੇ ਸਿੱਪੀਆਂ ਦੀ ਪੋਟਲੀ ਦਿੰਦੀ ਖਲੇਰ ।
ਸਾਰਾ ਦਿਨ ਪਰਛਾਵਿਆਂ ਨੂੰ ਦੇਖਦੀ ਰਹਿੰਦੀ ਹਾਂ ਮੈਂ,
ਭੂਤ ਕਬਰਾਂ 'ਚੋਂ ਜਗਾ ਜਾਂਦੀ ਏ ਜਾਦੂਗਰ ਸਵੇਰ ।
ਇਹ ਮੇਰੀ ਐਲਬਮ ਹੈ, ਇਸ ਵਿਚ ਵੰਨ ਸੁਵੰਨੀਆਂ ਮੂਰਤਾਂ
ਕਿਸ ਤਰ੍ਹਾਂ ਝਾਕਣ ਮੇਰੇ ਝੜਦੇ ਹੋਏ ਰੰਗ ਰੂਪ ਵਲ ।
ਮੁੜ ਕਦੀ ਹੋਣੇ ਨਹੀਂ ਜੋ ਫੇਰ ਜ਼ਿੰਦੜੀ ਨੂੰ ਨਸੀਬ
ਕਾਗਤਾਂ ਨੇ ਸਾਂਭ ਰੱਖੇ ਉੱਜੜੇ ਚਾਵਾਂ ਦੇ ਪਲ।
ਹੰਭਦੇ ਹੀ ਨਹੀਂ ਕਦੀ ਇਸ ਵਕਤ ਦੇ ਬੇਚੈਨ ਪਰ,
ਕੌਣ ਇਸ ਨੂੰ ਕਿਸ ਤਰ੍ਹਾਂ ਕਿਸ ਚੋਗ ਤੇ ਭਰਮਾ ਲਏ !
ਉੜਦਾ ਉੜਦਾ ਜਾਂਵਦਾ ਹੈ ਕਿਸ ਤਰ੍ਹਾਂ ਮੁਖੜੇ ਝਰੀਟ,
ਕੌਣ ਇਸ ਨੂੰ ਪਕੜ ਕੇ ਕਿਸ ਪਿੰਜਰੇ ਵਿਚ ਪਾ ਲਏ।
ਜਾਣ ਦੇ ਮੂਰਖ ਮਨਾ, ਹੁਣ ਭੁੱਲ ਵੀ ਜਾ, ਜਾਣ ਦੇ,
ਧਰਤ ਉੱਤੇ ਸੁਰਗ ਦੇ ਜਲਵੇ ਉਤਾਰੇ ਸੀ ਕਦੀ।
ਬਿਫਰਦੇ ਸਾਗਰ ਦੇ ਕੰਢੇ ਉੱਤੇ ਜਿੰਦੇ ਮੇਰੀਏ,
ਰੇਤ ਦੇ ਸਨ ਮਹਿਲ ਉਹ ਜੋ ਤੂੰ ਉਸਾਰੇ ਸੀ ਕਦੀ।
ਉਜੜ ਚੁੱਕੇ ਸ਼ਹਿਰ ਦੇ ਹੁਣ ਖੰਡਰਾਂ ਵਿਚ ਕੁਝ ਨਹੀਂ,
ਏਸ ਹੁਣ ਦੀ ਘੜੀ ਦੀ ਕੁਝ ਹੋ ਸਕੇ ਤਾਂ ਕਦਰ ਕਰ।
ਸ਼ੀਸ਼ਿਆਂ ਦੇ ਟੁਕੜਿਆਂ ਤੋਂ ਮੋੜ ਲੈ ਹੁਣ ਸੋਚ ਨੂੰ,
ਐ ਦਿਲਾਂ ਹੁਣ ਸਬਰ ਕਰ, ਹੁਣ ਸਬਰ ਕਰ, ਹੁਣ ਸਬਰ ਕਰ।