ਢੈ ਜਾਂਦੇ ਨੇ ਆਸਾਂ ਵਾਲੇ

ਢੈ ਜਾਂਦੇ ਨੇ ਆਸਾਂ ਵਾਲੇ ਜਿਹੜੇ ਮਹਿਲ ਉਸਾਰਾਂ ਮੈਂ ।

ਇਕ ਵਾਰੀ ਉਹ ਮਿਲ ਜਾਵੇ ਤੇ ਦਿਲ ਦਾ ਭਾਰ ਉਤਾਰਾਂ ਮੈਂ ।

ਅੱਖੀਆਂ ਵਿੱਚੋਂ ਸਾਵਣ ਵੱਸੇ ਦਿਲ ਦੇ ਢੈਂਦੇ ਢਾਰੇ ਤੇ,

ਆਸਾਂ ਵਾਲੀਆਂ ਥੰਮੀਆਂ ਦੇ ਕੇ ਇਹੋ ਫੇਰ ਖਲਾਰਾਂ ਮੈਂ ।

ਅੰਦਰੋ-ਅੰਦਰੀ ਖਾਂਦਾ ਜਾਵੇ ਮੈਨੂੰ ਦਰਦ ਹਿਆਤੀ ਦਾ,

ਦਿਨ ਲੰਘ ਜਾਂਦਾ ਯਾਦ ਉਹਦੀ ਵਿਚ ਕੀਕਣ ਰਾਤ ਗੁਜ਼ਾਰਾਂ ਮੈਂ ।

ਚੁੱਪ-ਚੁਪੀਤੇ ਪੀੜਾਂ ਸਈਆਂ ਹੌਕੇ ਹਾਵਾਂ ਦਿਲ ਵਿਚ ਰਹੀਆਂ,

ਮੁੱਕਦੀ ਨਹੀਂ ਇਹ ਤਾਂਘ ਦਿਲੇ ਦੀ ਕੰਧੀਂ ਟੱਕਰਾਂ ਮਾਰਾਂ ਮੈਂ ।

ਮਾਨ ਜਿਨ੍ਹਾਂ ਤੇ ਕੀਤਾ ਸੀ ਮੈਂ ਦੇਖ ਲਿਆ ਏ ਉਨ੍ਹਾਂ ਨੂੰ,

ਇਹ ਦੁਨੀਆਂ ਇਕ ਗੰਦਲਾ ਪਾਣੀ ਕੀਵੇਂ 'ਸਦਫ਼' ਨਿਤਾਰਾਂ ਮੈਂ ।

📝 ਸੋਧ ਲਈ ਭੇਜੋ