ਧਮਕੀ ! ਤੇ ਉਹ ਵੀ ਮੈਨੂੰ !

ਧਮਕੀ ! ਤੇ ਉਹ ਵੀ ਮੈਨੂੰ ! ਪੈਰ ਪਿਛਾਹਾਂ ਧਰਨ ਲਈ

ਕ਼ਾਤਲ ! ਹੋਸ਼ ਦਾ ਦਾਰੂ ਕਰ ਮੈਂ ਨਹੀਂ ਜੰਮਿਆ ਮਰਨ ਲਈ।

ਗੋਡੇ ਗੋਡੇ ਚਾ ਚੜ੍ਹਿਆ ਪੈਰ ਜ਼ਿਮੀਂ ਤੇ ਟਿਕਦਾ ਨਹੀਂ 

ਆਇਆ ਮਕ਼ਤਲ ਵਿਚ ਆਸ਼ਕ ਮੌਤ ਦੀ ਲਾੜੀ ਵਰਨ ਲਈ

ਇਕ ਮੁਸਕਾਣ ਦਿਓ ਸਾਨੂੰ, ਜਾਨ ਲਓ ਇਸ ਦੇ ਵੱਟੇ 

ਸਧਰਾਂ ਲੈ ਕੇ ਆਏ ਹਾਂ ਇਸ਼ਕ ਦੇ ਸੌਦੇ ਕਰਨ ਲਈ।

ਤੇਰਾ ਸੱਚਾ ਆਸ਼ਕ ਹਾਂ ਹਾਰ ਤੇ ਜਿਤ ਹੈ ਇਕ ਮੈਨੂੰ 

ਮੈਂ ਜਿਤਿਆ ਹੈ ਦੁਨੀਆ ਨੂੰ ਤੇਰੇ ਪਾਸੋਂ ਹਰਨ ਲਈ

ਜਮਣਾ ਉਹਦਾ ਹੈ ਜਮਣਾ ਮਰਨਾ ਉਹਦਾ ਹੈ ਮਰਨਾ 

ਜਮਦਾ ਹੈ ਤੇ ਮਰਦਾ ਹੈ ਆਸ਼ਕ ਦੁਖੜੇ ਜਰਨ ਲਈ ?

ਸੋਚ ਸਮਝ ਕੇ ਹੀ ਆਸ਼ਕ, ਮਕ਼ਤਲ ਦੇ ਵਿਚ ਅਇਆ ਹੈ 

ਮੌਤ ਦਾ ਫੰਦਾ ਹੈ ਅੱਗੇ ਪਿੱਛੇ ਕੀ ਹੈ ਡਰਨ ਲਈ ?

ਸ਼ੇਖ਼ ਆਸ਼ਕ ਦੀ ਕਬਰ ਉੱਤੇ, ਪਾਪ ਅਪਣੇ ਬਖ਼ਸ਼ਾਂਦਾ ਹੈ 

ਉਹਨਾਂ ਦਾ ਵੀ ਕੀ ਕਹਿਣਾ ਜਿਨ੍ਹਾਂ ਇਸ਼ਕ ਦੀ ਸ਼ਰਨ ਲਈ।

ਦੂਰ ਕਿਨਾਰੇ ਤੇ ਖੜ ਕੇ ਗੱਲਾਂ ਕਰਨਾ ਸੌਖਾ ਹੈ 

ਦਿਲ ਗੁਰਦਾ ਪਰ ਚਾਹੀਦੈ ਮੰਝਧਾਰਾਂ ਵਿਚ ਤਰਨ ਲਈ।

ਹਾਲ ਬੁਰਾ ਹੈ ਵਾਇਜ਼ ਦਾ ਜੱਨਤ ਵਿਚ ਵੀ 'ਹਮਦਰਦਾ' 

ਬੁੱਢੀਆਂ ਹੂਰਾਂ ਮਿਲੀਆਂ ਨੇ ਉਸ ਨੂੰ ਸੇਵਾ ਕਰਨ ਲਈ

📝 ਸੋਧ ਲਈ ਭੇਜੋ