ਧੰਨ ਗੁਰੂ ਨਾਨਕ ਜੀ ਆਏ

ਵਿਚ ਨਨਕਾਣੇ ਭਾਗ ਲਗਾਏ,

ਧੰਨ ਗੁਰੂ ਨਾਨਕ ਜੀ ਆਏ।

ਮਹਿਤਾ ਕਾਲੂ ਜੀ ਦੇ ਪੁੱਤਰ,

ਮਾਤਾ ਤ੍ਰਿਪਤਾ ਜੀ ਦੇ ਜਾਏ।

ਬੇਬੇ ਨਾਨਕੀ ਜੀ ਦੇ ਵੀਰੇ,

ਸਭ ਨੂੰ ਸੱਚੇ ਰਸਤੇ ਪਾਏ।

ਫੱਟੀ 'ਤੇ ਓਅੰਕਾਰ ਬਣਾਇਆ,

ਪਾਂਧੇ ਨੂੰ ਵੀ ਸਬਕ ਪੜ੍ਹਾਏ।

ਵੀਹ ਰੁਪਏ ਦਾ ਲੰਗਰ ਲਾਇਆ,

ਸੱਚਾ ਸੌਦਾ ਕਰ ਘਰ ਆਏ।

ਕਿਰਤ ਕਰਨ ਤੇ ਨਾਮ ਜੱਪਣ ਦੇ,

ਵੰਡ ਛਕਣ ਦੇ ਹੁਕਮ ਸੁਣਾਏ।

ਊਚ ਨੀਚ ਦਾ ਭੇਦ ਮਿਟਾਇਆ,

ਮਰਦਾਨਾ ਜੀ ਮੀਤ ਬਣਾਏ।

ਕੌਡੇ,ਸੱਜਣ ਨੂੰ ਸਮਝਾਇਆ,

ਭਾਈ ਲਾਲੋ ਜੀ ਗਲ ਲਾਏ।

ਪੀਰ ਵਲੀ ਦੀ ਆਕੜ ਭੰਨੀ,

ਬਾਬਰ ਵੀ ਭੁੱਲ ਬਖਸ਼ਾਏ।

ਮਹਿਲ ਗੁਰਾਂ ਦੇ ਬੀਬੀ ਸੁਲੱਖਣੀ,

ਦੋ ਪੁੱਤਰਾਂ ਨੂੰ ਲਾਡ ਲਡਾਏ।

ਗੁਰਬਾਣੀ ਦੀ ਬਖਸ਼ਿਸ਼ ਕੀਤੀ,

ਵਿਚ ਖੇਤਾਂ ਦੇ ਹੱਲ ਚਲਾਏ।

ਰੋਗੀ ਦਾ ਵੀ ਕੋਹੜ ਹਟਿਆ,

ਚਰਨ ਗੁਰਾਂ ਜਦ ਕੁੱਲੀ ਪਾਏ।

ਸਭ ਦੇ ਸਾਂਝੇ ਬਾਬਾ ਨਾਨਕ,

ਅਮਰ ਗੁਰਾਂ ਦਾ ਨਾਮ ਧਿਆਏ।

ਵਿਚ ਤਲਵੰਡੀ ਭਾਗ ਲਗਾਏ,

ਸਤਿਗੁਰ ਨਾਨਕ ਜੀ ਆਏ।

📝 ਸੋਧ ਲਈ ਭੇਜੋ